ਟੈਗਿੰਗ ਕਰਨ ਵਾਲੇ ਡੀਲਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਬਠਿੰਡਾ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਗੋਨਿਆਣਾ ਮੰਡੀ ਵਿੱਚ ਖਾਦਾਂ ਦੇ ਡੀਲਰਾਂ ਦੀ ਸਖਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਗੌਰਵ ਟਰੇਡਿੰਗ ਕੰਪਨੀ, ਰਾਕੇਸ਼ ਕੁਮਾਰ ਐਂਡ ਕੰਪਨੀ, ਤਾਰਾ ਚੰਦ ਮਦਨ ਲਾਲ ਕੰਪਨੀ ਅਤੇ ਪੰਜਾਬ ਪੈਸਟਿਸਾਈਡ ਸਟੋਰ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਡੀਲਰਾਂ ਨੂੰ ਸਖਤ ਹਦਾਇਤ ਦਿੱਤੀ ਕਿ ਸਾਰੇ ਸਟਾਕ ਰਜਿਸਟਰ ਅਤੇ ਲੋੜੀਂਦੇ ਦਸਤਾਵੇਜ ਪੂਰੇ ਰੱਖੇ ਜਾਣ। ਇਸ ਦੌਰਾਨ ਮੰਡੀ ਵਿੱਚ ਖਲਬਲੀ ਦਾ ਮਾਹੌਲ ਵੀ ਬਣਿਆ।
ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿਆਰੀ ਖਾਦ ਜਿਵੇਂ ਕਿ ਡੀ ਏ ਪੀ, ਯੂਰੀਆ ਅਤੇ ਹੋਰ ਲੋੜੀਂਦੇ ਖਾਦ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਕਿਸਾਨ ਨੂੰ ਖਾਦ ਜਾਂ ਦਵਾਈ ਨਾਲ ਟੈਗਿੰਗ ਕਰਕੇ ਨਾ ਦਿੱਤੀ ਜਾਵੇ। ਉਨ੍ਹਾਂ ਨੇ ਸਾਫ ਕੀਤਾ ਕਿ ਖਾਦਾਂ ਦੀ ਕਾਲਾ ਬਾਜ਼ਾਰੀ ਜਾਂ ਗਲਤ ਟੈਗਿੰਗ ਕਰਨ ਵਾਲੇ ਡੀਲਰਾਂ ਖ਼ਿਲਾਫ਼ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਧੀਨ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।