ਓਆਰਐੱਸ ਦੇ ਨਾਮ ’ਤੇ ਗੁੰਮਰਾਹ ਕਰਨ ਵਿਰੁੱਧ ਸਖ਼ਤੀ
ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੇ ਪਦਾਰਥ ਉਪਲੱਬਧ ਕਰਵਾਉਣ ’ਤੇ ਸਿਹਤ ਵਿਭਾਗ ਮਾਨਸਾ ਵੱਲੋਂ ਸਥਾਨਕ ਮੈਡੀਸਨ ਮਾਰਕੀਟ ਵਿੱਚ ਦਵਾਈਆਂ ਦੇ ਮੁੱਖ ਥੋਕ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਫੂਡ ਸੇਫਟੀ ਅਫ਼ਸਰ ਅਮਰਿੰਦਰਪਾਲ ਸਿੰਘ ਤੇ ਹੋਰਨਾਂ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਓਆਰਐੱਸ ਸੰਬੰਧੀ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕੀਤਾ। ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਓਆਰਐੱਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੁੱਝ ਕੰਪਨੀਆਂ ਵੱਲੋਂ ‘ਰੈਡੀ ਟੂ ਸਰਵੋ ਜੂਸ ਜਾਂ ਪੇਯਾਂ ਨੂੰ ਓਆਰਐੱਸ, ਰੀਹਾਈਡ੍ਰੇਸ਼ਨ ਡਰਿੰਕ ਜਾਂ ਇਲੈਕਟਰੋਲਾਈਟ ਡਰਿੰਕ ਦੇ ਨਾਂ ’ਤੇ ਵੇਚਣਾ ਗਲਤ ਅਤੇ ਭਰਮਾਉਣ ਵਾਲੀ ਪ੍ਰਥਾ ਹੈ। ਉਨ੍ਹਾਂ ਨੇ ਖਪਤਕਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪਦਾਰਥਾਂ ਨੂੰ ਓਆਰਐੱਸ ਸਮਝ ਕੇ ਪੀਣਾ ਖਾਸ ਕਰਕੇ ਬੱਚਿਆਂ ਲਈ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਹ ਉਨ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਲੋੜੀਂਦੀ ਲੂਣ ਅਤੇ ਗਲੂਕੋਜ਼ ਦੀ ਮਾਤਰਾ ਪ੍ਰਦਾਨ ਨਹੀਂ ਕਰਦੇ। ਉਨ੍ਹਾਂ ਖਪਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੇਵਲ ਮਿਆਰੀ ਡਰੱਗ ਲਾਇਸੰਸ ਵਾਲਾ ਓਆਰਐਸ ਪਾਊਡਰ ਜਾਂ ਸੈਸ਼ੇ ਹੀ ਵਰਤਣ। ਉਨ੍ਹਾਂ ਦੁਕਾਨਦਾਰਾਂ ਅਤੇ ਹੋਲਸੇਲਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਭ੍ਰਮਿਤ ਕਰਨ ਵਾਲੇ ਨਾਮ ਵਾਲੇ ਪਦਾਰਥਾਂ ਨੂੰ ਓ ਆਰ ਐੱਸ ਵਜੋਂ ਨਾ ਵੇਚਣ, ਨਹੀਂ ਤਾਂ ਉਨ੍ਹਾਂ ਉੱਤੇ ਵੀ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
