ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਬੰਦ ਹੋਵੇ: ਰੁਲਦੂ ਸਿੰਘ
ਪਰਾਲੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਦੇ ਖਿਲਾਫ਼ ਅੱਜ ਮਾਨਸਾ ਦੇ ਡੀ ਸੀ ਦਫ਼ਤਰ ਸਾਹਮਣੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਭਗਵੰਤ ਮਾਨ ਦੀ ਸਰਕਾਰ ਨੂੰ ਚੈਲਿੰਜ ਕੀਤਾ ਕਿ ਜੇ ਕਿਸਾਨਾਂ ਨੂੰ ਪਰਾਲੀ ਵੱਢਣ ਲਈ ਖੇਤਾਂ ਵਿੱਚ ਸਮੇਂ-ਸਿਰ ਬੇਲਰ ਮੁਹੱਈਆ ਨਾ ਕਰਵਾਏ ਤਾਂ ਜਥੇਬੰਦੀ ਵੱਲੋਂ ਖੇਤਾਂ ਦੀ ਰਾਖੀ ਕਰਕੇ ਕਿਸਾਨਾਂ ਤੋਂ ਪਰਾਲੀ ਨੂੰ ਅੱਗ ਲੁਵਾਈ ਜਾਵੇਗੀ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਮੰਚ ਤੋਂ ਐਲਾਨ ਕੀਤਾ ਕਿ ਜੇ ਕੋਈ ਅਧਿਕਾਰੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਖੇਤਾਂ ਵਿੱਚ ਜਾਵੇਗਾ ਜਾਂ ਕਿਸਾਨਾਂ ’ਤੇ ਪਰਚੇ ਪਾਉਣ ਦੀ ਕੋਸ਼ਿਸ ਕੀਤੀ ਤਾਂ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਮੋੜਵਾਂ ਜਵਾਬ ਦਿੰਦਿਆਂ ਘਿਰਾਓ ਕੀਤਾ ਜਾਵੇਗਾ। ਧਰਨੇ ਦੌਰਾਨ ਕਿਸਾਨਾਂ-ਮਜਦੂਰਾਂ ਦੀ ਕਰਜ਼ਾ ਮੁਆਫ਼ੀ,ਹੜਾਂ ਦਾ ਮੁਆਵਜ਼ਾ,ਅਵਾਰਾ ਘੁੰਮਦੇ ਪਸ਼ੂ ਤੇ ਕੁੱਤਿਆਂ ਦੇ ਪੁਖਤਾ ਹੱਲ ਕਰਨ,ਰੇਲਵੇ ਮਹਿਕਮੇ ਵੱਲੋਂ ਪਾਏ ਪਰਚੇ ਰੱਦ ਕਰਨ, ਡੀਏਪੀ ਸਪਲਾਈ ਯਕੀਨੀ ਬਣਾਉਣ ਅਤੇ ਯੂਰੀਆ ਖਾਦ ਨਾਲ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਜ਼ਬਰਦਸਤੀ ਕਿਸਾਨਾਂ ਨੂੰ ਦੇਣਾ ਬੰਦ ਕਰਨ ਸਬੰਧੀ ਵੀ ਮਾਮਲਾ ਉਠਾਇਆ ਗਿਆ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਵਿੱਚ ਫੈਲਦੇ ਪ੍ਰਦੂਸ਼ਣ ਦਾ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਬੰਦ ਕੀਤਾ ਜਾਵੇ ਅਤੇ ਇਸ ਦੀ ਬਜਾਏ ਦਿੱਲੀ ਦੇ ਅੰਦਰੂਨੀ ਪ੍ਰਦੂਸ਼ਣ ਦੇ ਅੰਕੜੇ ਜਨਤਕ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ ਅਤੇ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀਬਾਘਾ, ਰਾਮਫ਼ਲ ਚੱਕ ਅਲੀਸ਼ੇਰ, ਨਰਿੰਦਰ ਕੌਰ ਬੁਰਜ ਹਮੀਰਾ, ਪ੍ਰਸ਼ੋਤਮ ਸ਼ਰਮਾ ਨੇ ਵੀ ਸੰਬੋਧਨ ਕੀਤਾ।