ਸੂਬਾ ਮੀਤ ਪ੍ਰਧਾਨ ਮਿੱਡਾ ਕਿਰਤੀ ਕਿਸਾਨ ਯੂਨੀਅਨ ’ਚ ਸ਼ਾਮਲ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਲੋਕ ਪੱਖੀ ਹੰਡਣਸਾਰ ਕੁਦਰਤੀ ਖੇਤੀ ਮਾਡਲ ਲਾਗੂ ਕਰਵਾਉਣ,ਪੰਜਾਬ ਦੇ ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਮੁਤਾਬਕ ਕਰਵਾਉਣ, ਨਹਿਰੀ ਢਾਂਚਾ ਵਿਕਸਿਤ ਕਰਨ, ਹਰੇਕ ਘਰ ਤਕ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਉਣ, ਹੁਸੈਨੀਵਾਲਾ ਵਾਹਗਾ ਬਾਰਡਰ ਦੇ ਸੜਕੀ ਰਸਤੇ ਰਾਹੀਂ ਵਪਾਰ ਖੋਲ੍ਹਣ ਦੇ ਮੁੱਦਿਆ ਨੂੰ ਲੈ ਕੇ ਪਿੰਡ ਲਾਧੂਕਾ ਦੇ ਕਮਿਊਨਿਟੀ ਹਾਲ ਵਿੱਚ ਇਕੱਠ ਕਰਕੇ ਚਰਚਾ ਕੀਤੀ ਗਈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰੇਸ਼ਮ ਮਿੱਡਾ ਸਣੇ ਫਾਜ਼ਿਲਕਾ ਜ਼ਿਲ੍ਹੇ ਦੇ ਆਗੂ ਅਤੇ ਸੈਂਕੜੇ ਕਾਰਕੁਨ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ, ਸੂਬਾ ਜਨਰਨ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਨੇ ਸ਼ਾਮਲ ਹੋਏ ਆਗੂਆਂ ਨੂੰ ਜੱਥੇਬੰਦੀ ਵੱਲੋਂ ਜੀ ਆਇਆਂ ਆਖਿਆ। ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੇ ਹਾਕਮ ਸਾਮਰਾਜੀ ਮਾਡਲ ਲਾਗੂ ਕਰਨ ਲੱਗੇ ਹੋਏ ਹਨ, ਜਿਸ ਕਰਕੇ ਅੱਜ ਸਾਡੇ ਦੇਸ਼ ਵਿੱਚ ਸਾਮਰਾਜੀ ਨੀਤੀਆਂ ਦੇ ਤਹਿਤ ਸਮੁੱਚਾ ਕਿਸਾਨ ਮਜ਼ਦੂਰ ਅਤੇ ਵਤਾਵਰਣ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਵੱਡੀ ਗਿਣਤੀ ਕਿਸਾਨਾਂ ਨੂੰ ਖੇਤੀ ਸੈਕਟਰ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਹੈ। ਭਾਰਤ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਲਾਗੂ ਕਰ ਰਹੀ ਹੈ, ਜਿਸ ਦੇ ਨਾਲ ਦੇਸ਼ ਦਾ ਖੇਤੀ ਖੇਤਰ ਤਬਾਹ ਹੋ ਜਾਵੇਗਾ। ਦੇਸ਼ ਦੀਆਂ ਹਕੂਮਤਾਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਬਣ ਕੇ ਉਨ੍ਹਾਂ ਦੇ ਪੱਖ ਵਿੱਚ ਕਾਨੂੰਨ ਬਣਾ ਰਹੀਆਂ ਹਨ। ਇਸ ਮੌਕੇ ਭਰਾਤਰੀ ਜੱਥੇਬੰਦੀਆਂ ਡੀ ਟੀ ਐਫ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਰਾਜਨ ਮੁਹਾਰ ਸੋਨਾ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਮੀਤ ਸਿੰਘ ,ਅਬੋਹਰ ਬਲਾਕ ਦੇ ਪ੍ਰਧਾਨ ਦਵਿੰਦਰ ਰਾਮਪੁਰਾ, ਸੁਰਿੰਦਰ ਲਾਧੂਕਾ,ਪਵਨ ਲਾਧੂਕਾ, ਵਿਪਨ ਢੋਟ ,ਪ੍ਰਵੀਨ ਕੌਰ ਬਾਜੇ ਕੇ ,ਹੁਸਨਦੀਪ ਸਿਘ, ਬਲਦੇਵ ਬੋਪਾਰਾਏ ਕਿੜਿਆ ਵਾਲਾ, ਜਰਨੈਲ ਸਿੰਘ ਬਕੈਨ ਵਾਲਾ, ਭਜਨ ਲਾਧੂਕਾ, ਦੇਸ ਸੈਦੇ ਕਾ ਹਾਜ਼ਰ ਸਨ।