ਬਠਿੰਡਾ ਨਾਟਿਅਮ ਫੈਸਟੀਵਲ ’ਚ ਨਾਟਕ ਮਿਰਜ਼ਾ-ਸਾਹਿਬਾਂ ਦਾ ਮੰਚਨ
ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ 13ਵੇਂ ਦਿਨ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦਾ ਮਸ਼ਹੂਰ ਨਾਟਕ ‘ਮਿਰਜ਼ਾ-ਸਾਹਿਬਾਂ’ ਖੇਡਿਆ ਗਿਆ। ਇਹ ਨਾਟਕ ਦਸਤਕ ਥੀਏਟਰ ਅੰਮ੍ਰਿਤਸਰ ਵੱਲੋਂ ਰਾਜਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਪੰਜਾਬੀ ਲੋਕ-ਗਾਥਾ ‘ਮਿਰਜ਼ਾ-ਸਾਹਿਬਾਂ’ ਦੀ ਸੁੰਦਰ ਪੇਸ਼ਕਾਰੀ ਨੇ ਹਾਲ ਵਿੱਚ ਬੈਠੇ ਦਰਸ਼ਕਾਂ ਦੇ ਦਿਲ ਜਿੱਤ ਲਏ। ਨਾਟਕ ਵਿੱਚ ਗਾਥਾ ਦੇ ਦੋ ਅੰਤ ਵਿਖਾਏ ਗਏ: ਪਹਿਲਾ ਰਵਾਇਤੀ ਅੰਤ ਜਿੱਥੇ ਮਿਰਜ਼ਾ-ਸਾਹਿਬਾ ਦੀ ਪ੍ਰੇਮ ਕਹਾਣੀ ਪੂਰੀ ਹੁੰਦੀ ਹੈ ਤੇ ਦੂਜੇ ਵਿੱਚ ਸਾਹਿਬਾਂ ਨੂੰ ਨਾਰੀ ਸ਼ਕਤੀ ਅਤੇ ਹਿੰਮਤ ਦੀ ਪ੍ਰਤੀਕ ਵਜੋਂ ਦਰਸਾਇਆ ਗਿਆ। ਕਲਾਕਾਰਾਂ ਦੀ ਜਜ਼ਬਾਤੀ ਅਦਾਕਾਰੀ ਅਤੇ ਮਜ਼ਬੂਤ ਡਾਇਲਾਗਾਂ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਰੌਨਿਲ ਕੌਸ਼ਲ, ਪ੍ਰੋ. ਪਰਮਜੀਤ ਸਿੰਘ, ਡਾ. ਅਮਿਤ, ਅਤੇ ਡਾ. ਰਮਨਪ੍ਰੀਤ ਨੇ ਸ਼ਿਰਕਤ ਕੀਤੀ। ਨਾਟਿਅਮ ਪੰਜਾਬ ਦੀ ਪ੍ਰਧਾਨ ਸੁਰਿੰਦਰ ਕੌਰ ਅਤੇ ਈਵੈਂਟ ਕੋਆਰਡੀਨੇਟਰ ਗੁਰਨੂਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਭੇਟ ਕੀਤੇ। ਮਹਿਮਾਨਾਂ ਨੇ ਡਾਇਰੈਕਟਰ ਕੀਰਤੀ ਕਿਰਪਾਲ ਅਤੇ ਡਾ. ਕਸ਼ਿਸ਼ ਗੁਪਤਾ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਾਟਿਅਮ ਵਿਦਿਆਰਥੀਆਂ ਨੂੰ ਕਲਾ ਨਾਲ਼ ਜੋੜਨ ਦਾ ਸ਼ਾਨਦਾਰ ਮੰਚ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਅਤੇ ਓਪਨ ਮਾਈਕ ਸੈਸ਼ਨ ਨੇ ਵੀ ਦਰਸ਼ਕਾਂ ਦੀ ਖੂਬ ਦਿਲਚਸਪੀ ਜਤੀ। ਮੰਚ ਸੰਚਾਲਨ ਡਾ. ਸੰਦੀਪ ਸਿੰਘ ਮੋਹਲਾਂ ਅਤੇ ਗੁਰਮੀਤ ਧੀਮਾਨ ਨੇ ਕੀਤਾ।