ਐੱਸ ਐੱਸ ਪੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾੲਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐੱਸ ਐੱਸ ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜ਼ੀਰਾ, ਐੱਸ ਐੱਚ ਓ ਗੁਰਮੀਤ ਸਿੰਘ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ। ਸੈਮੀਨਾਰ ਵਿੱਚ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਭੁਪਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜੀਵਨ ਦੀਆਂ ਉਦਾਹਰਨਾਂ ਦਿੰਦਿਆਂ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਸੰਘਰਸ਼ ਵਿੱਚ ਜਿੱਤ ਅਤੇ ਹਾਰ ਦੋਵਾਂ ਨੂੰ ਕਬੂਲ ਕਰ ਕੇ ਅੱਗੇ ਵਧਣ ਲਈ ਅਪੀਲ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਆਦਰਸ਼ ਜੀਵਨ ਜਿਉਣ ਅਤੇ ਆਪਣੇ ਮਾਂ ਬਾਪ, ਸਕੂਲ, ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਦੌਰਾਨ ਸਕੂਲੀ ਵਿਦਿਆਰਥਣਾਂ ਨਾਲ ਗੱਲਬਾਤ ਵੀ ਕੀਤੀ ਗਈ। ਭੁਪਿੰਦਰ ਸਿੰਘ ਵੱਲੋਂ ਸਕੂਲ ਦੀ ਬਿਲਡਿੰਗ, ਸਹੂਲਤਾਂ, ਸਕੂਲ ਦੀਆਂ ਅਕਾਦਮਿਕ ਅਤੇ ਖੇਡਾਂ ਵਿੱਚ ਮਾਰੀਆਂ ਮੱਲਾਂ ਦੀ ਭਰਪੂਰ ਸ਼ਬਦਾਂ ਵਿੱਚ ਪ੍ਰਸ਼ੰਸਾ ਕੀਤੀ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਮੁੱਚੀ ਸਕੂਲ ਅਧਿਆਪਕਾਂ ਦੀ ਟੀਮ ਨੂੰ ਵਧਾਈ ਦਿੱਤੀ।