ਖੇਡਾਂ ਵਤਨ ਪੰਜਾਬ ਦੀਆਂ: ਫ਼ਰੀਦਕੋਟ ਤੇ ਮੁਕਤਸਰ ’ਚ ਮਸ਼ਾਲ ਦਾ ਸਵਾਗਤ
ਖੇਡਾਂ ਵਤਨ ਪੰਜਾਬ ਦੀਆਂ-2025 ਸਬੰਧੀ ਮਸ਼ਾਲ ਮਾਰਚ ਦਾ ਅੱਜ ਫ਼ਰੀਦਕੋਟ ’ਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਸ਼ਹਿਰ ਵਾਸੀਆਂ ਨੇ ਇਸ ਦਾ ਸਵਾਗਤ ਕੀਤਾ। ਸੇਖੋਂ ਨੇ ਦੱਸਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਬਲਾਕ ਲੈਵਲ, ਜ਼ਿਲ੍ਹਾ ਲੈਵਲ ਅਤੇ ਸਟੇਟ ਲੈਵਲ ਤੱਕ ਕੰਪੀਟਿਸ਼ਨ ਕਰਵਾਏ ਜਾਣਗੇ, ਤਾਂ ਜੋ ਹਰ ਘਰ ਦਾ ਬੱਚਾ ਨੌਜਵਾਨ ਗਰਾਊਂਡਾ ਵਿਚ ਆਪਣੇ ਜੌਹਰ ਦਿਖਾ ਸਕੇ ਅਤੇ ਨਸ਼ਿਆਂ ਤੋਂ ਦੂਰ ਰਹਿ ਸਕੇ। ਉਨ੍ਹਾ ਜਾਣਕਾਰੀ ਦਿੰਦਿਆਂ ਦੱਸਿਆ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 37 ਤੋਂ ਵਧੇਰੇ ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਦੀ ਦੌੜ ਵਿੱਚ ਹਿੱਸਾ ਲੈਣਗੇ। ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਨੂੰ ਖੇਡ ਖੇਤਰ ਵਿੱਚ ਆਪਣੇ ਹੁਨਰ ਨੂੰ ਹੋਰ ਨਿਖ਼ਾਰਨ ਦਾ ਮੌਕਾ ਪ੍ਰਦਾਨ ਕਰਨਗੀਆਂ। ਇਸੇ ਤਰ੍ਹਾਂ ‘ਮਸ਼ਾਲ ਮਾਰਚ’ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪੁੱਜਣ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵੈਟਰਨ ਅਥਲੀਟ, ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਆਮ ਲੋਕ ਨੇ ਸਵਾਗਤ ਕੀਤਾ। ਮਸ਼ਾਲ ਨੂੰ ਅੰਤਰਰਾਸ਼ਟਰੀ ਖਿਡਾਰੀ ਗੁਰਬੀਰ ਕੌਰ ਅਤੇ ਹੋਰ ਰਾਜ ਪੱਧਰੀ ਖਿਡਾਰੀਆਂ ਤੇ ਖੇਡ ਵਿਭਾਗ ਦੇ ਕੋਚਾਂ ਨੇ ਚੁੱਕ ਕੇ ਪੂਰੇ ਸ਼ਹਿਰ ਦਾ ਦੌਰਾ ਕੀਤਾ।