ਹੜ੍ਹ ਪੀੜਤਾਂ ਦੀ ਮਦਦ ਲਈ ਨਿੱਤਰੇ ਸੋਨੂੰ ਸੂਦ
ਬਾਲੀਵੁੱਡ ਅਦਕਾਰ ਸੋਨੂੰ ਸੂਦ ਨੇ ਕਰੋਨਾ ਕਾਲ ’ਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ ਅਤੇ ਨਾਮਣਾ ਖੱਟਿਆ, ਉਸੇ ਤਰ੍ਹਾਂ ਹੁਣ ਉਹ ਪੰਜਾਬ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਆਪਣੇ ਜੱਦੀ ਘਰ ’ਚ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਦੀ ਭੈਣ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਤੇ ਜੀਜਾ ਗੌਤਮ ਸੱਚਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਉਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਆਏ ਹਨ। ਸੂਦ ਚੈਰਿਟੀ ਫਾਊਂਡੇਸ਼ਨ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੀ ਹੈ। ਉਹ ਪੀੜਤ ਲੋਕਾਂ ਦੀ ਮਦਦ ਲਈ ਮੁੰਬਈ ਤੋਂ ਪੰਜਾਬ ਪਰਤੇ ਹਨ। ਅੱਜ ਉਨ੍ਹਾਂ ਵੱਲੋਂ ਆਪਣੇ ਘਰ ਤੋਂ ਹੜ੍ਹ ਪੀੜਤਾਂ ਲਈ ਕੰਬਲ, ਗੱਦੇ, ਪਸ਼ੂਆਂ ਲਈ ਚਾਰਾਂ ਤੇ ਦਵਾਈਆਂ ਤੋਂ ਇਲਾਵਾ ਮਹਿਲਾਵਾਂ ਲਈ ਜ਼ਰੂਰੀ ਸਾਮਾਨ ਦੀਆਂ ਟਰਾਲੀਆਂ ਭੇਜੀਆਂ ਜਾ ਰਹੀਆਂ ਹਨ ਅਤੇ ਉਹ ਖੁਦ ਯੋਗ ਪ੍ਰਭਾਵਿਤ ਲੋਕਾਂ ਨੂੰ ਵੰਡਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਲੋੜਵੰਦਾਂ ਦੀ ਮਦਦ ਲਈ ਖੁੱਲ੍ਹੇ ਹਨ ਤੇ ਲੋਕਾਂ ਦੀ ਮਦਦ ਕਰਨ ਪਿੱਛੇ ਪ੍ਰੇਰਣਾ ਉਨ੍ਹਾਂ ਦੇ ਮਾਪੇ ਰਹੇ ਹਨ।
‘ਪੰਜਾਬੀਆਂ ਵੱਲੋਂ ਕੀਤੀ ਗਈ ਮਦਦ ਕਾਬਿਲ-ਏ-ਤਾਰੀਫ਼’
Advertisementਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਸੀਬਤਾਂ ਖ਼ਿਲਾਫ਼ ਇੱਕਜੁੱਟਤਾ ਲਈ ਮੰਨੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੇ ਜੋ ਹੜ੍ਹ ਪੀੜਤਾਂ ਲਈ ਕੰਮ ਕੀਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਹੜ੍ਹ ਪੀੜਤਾਂ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਯੂ ਪੀ, ਰਾਜਸਥਾਨ ਅਤੇ ਹੋਰ ਸੂਬਿਆਂ ਦੇ ਲੋਕ ਪਹੁੰਚ ਰਹੇ ਹਨ ਜੋ ਬਹੁਤ ਵੱਡੀ ਗੱਲ ਹੈ।