ਲੋਹਗੜ੍ਹ ਦਾ ਫਰਜ਼ੰਦ ਸਨੀ ਸਮਰਾ ਕੈਨੇਡਾ ਵਿੱਚ ਮੇਅਰ ਬਣਿਆ
ਹਲਕੇ ਦੇ ਸਿਆਸੀ ਰਸੂਖ ਰੱਖਣ ਵਾਲੇ ਸਮਰਾ ਪਰਿਵਾਰ ਦਾ ਫਰਜ਼ੰਦ ਸਨੀ ਸਮਰਾ ਕੈਨੇਡਾ ’ਚ ਕੈਲਗਰੀ ਦੀ ਰੌਕੀ ਵਿਊ ਕਾਊਂਟੀ ਦਾ ਮੇਅਰ ਚੁਣਿਆ ਗਿਆ ਹੈ। ਸਨੀ ਸਮਰਾ ਪਿਛਲੀ ਵਾਰ ਡਿਪਟੀ ਮੇਅਰ ਬਣੇ ਸਨ। ਸਮਰਾ ਪਰਿਵਾਰ ਨੂੰ ਧਰਮਕੋਟ ਹਲਕੇ ਅੰਦਰ ਲੋਹਗੜ੍ਹ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਸਮਰਾ ਪਰਿਵਾਰ ਨਾਲ ਸਬੰਧਤ ਹਨ। ਮੇਅਰ ਬਣੇ ਸਨੀ ਸਮਰਾ ਸਾਬਕਾ ਵਿਧਾਇਕ ਮਰਹੂਮ ਰਤਨ ਸਿੰਘ ਲੋਹਗੜ੍ਹ ਦੇ ਪੋਤਰੇ ਅਤੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦੇ ਭਤੀਜੇ ਹਨ। ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ਦੱਸਿਆ ਕਿ ਸਨੀ ਸਮਰਾ ਦਾ ਪਰਿਵਾਰ ਦੋ ਦਹਾਕਿਆਂ ਤੋਂ ਕੈਨੇਡਾ ਕੈਲਗਰੀ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਕਾਰੋਬਾਰੀ ਹੋਣ ਦੇ ਨਾਲ-ਨਾਲ ਉੱਥੋਂ ਦੀ ਸਿਆਸਤ ਵਿੱਚ ਵੀ ਸਰਗਮ ਹੈ। ਭਾਰਤ ਵਿੱਚ ਰਹਿੰਦਿਆਂ ਸਨੀ ਦਾ ਪਰਿਵਾਰ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਵੱਸ ਗਿਆ ਸੀ ਪਰ ਸਾਲ 1984 ਵਿੱਚ ਪਰਿਵਾਰ ਨੇ ਆਪਣੀ ਰਿਹਾਇਸ਼ ਚੰਡੀਗੜ੍ਹ ਕਰ ਲਈ ਸੀ। ਬਾਅਦ ਵਿੱਚ ਉਹ ਪੱਕੇ ਤੌਰ ’ਤੇ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਜਿਵੇਂ ਹੀ ਸਨੀ ਸਮਰਾ ਦੇ ਮੇਅਰ ਚੁਣੇ ਜਾਣ ਦੀ ਖ਼ਬਰ ਇੱਥੇ ਪੁੱਜੀ ਤਾਂ ਵੱਡੀ ਗਿਣਤੀ ਲੋਕ ਲੋਹਗੜ੍ਹ ਪਰਿਵਾਰ ਨੂੰ ਵਧਾਈ ਦੇਣ ਪੁੱਜੇ। ਹਲਕੇ ਦੇ ਕਾਂਗਰਸ ਆਗੂ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੋਹਨ ਸਿੰਘ ਖੇਲਾ, ਸ਼ਿਵਾਜ ਸਿੰਘ ਭੋਲਾ, ਰਾਜਵਿੰਦਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਅਮਨਦੀਪ ਸਿੰਘ ਗਿੱਲ ਅਤੇ ਹੋਰਨਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
