ਬੈਂਕ ਡਕੈਤੀ ਵਿੱਚ ਲੋੜੀਂਦਾ ਛੇਵਾਂ ਮੁਲਜ਼ਮ ਗ੍ਰਿਫ਼ਤਾਰ
ਔਢਾਂ ਪੁਲੀਸ ਨੇ 2005 ਵਿੱਚ ਪਿੰਡ ਚੋਰਮਾਰ ਖੇੜਾ ਵਿੱਚ ਹੋਈ ਬੈਂਕ ਡਕੈਤੀ ਵਿੱਚ ਲੋੜੀਂਦੇ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਨੂਪ ਸਿੰਘ ਉਰਫ਼ ਨੂਪਾ ਪੁੱਤਰ ਮਿਲਖਾ ਸਿੰਘ ਵਾਸੀ ਵਾਡੀਆਂ, ਜ਼ਿਲ੍ਹਾ ਮੁਕਤਸਰ, ਪੰਜਾਬ ਵਜੋਂ ਹੋਈ ਹੈ। ਇਹ...
Advertisement
ਔਢਾਂ ਪੁਲੀਸ ਨੇ 2005 ਵਿੱਚ ਪਿੰਡ ਚੋਰਮਾਰ ਖੇੜਾ ਵਿੱਚ ਹੋਈ ਬੈਂਕ ਡਕੈਤੀ ਵਿੱਚ ਲੋੜੀਂਦੇ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਨੂਪ ਸਿੰਘ ਉਰਫ਼ ਨੂਪਾ ਪੁੱਤਰ ਮਿਲਖਾ ਸਿੰਘ ਵਾਸੀ ਵਾਡੀਆਂ, ਜ਼ਿਲ੍ਹਾ ਮੁਕਤਸਰ, ਪੰਜਾਬ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਔਢਾਂ ਦੇ ਇੰਚਾਰਜ ਆਨੰਦ ਕੁਮਾਰ ਬੈਨੀਵਾਲ ਨੇ ਦੱਸਿਆ ਕਿ 17 ਜਨਵਰੀ 2005 ਨੂੰ ਪੰਜਾਬ ਨੈਸ਼ਨਲ ਬੈਂਕ ਚੋਰਮਾਰ ਦੇ ਸਹਾਇਕ ਡਿਪਟੀ ਮੈਨੇਜਰ ਵਿਨੋਦ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਦੁਪਹਿਰ 12:15 ਵਜੇ ਮੁਲਜ਼ਮ ਬੈਂਕ ਵਿੱਚ ਦਾਖਲ ਹੋਏ ਅਤੇ ਹਥਿਆਰਾਂ ਨਾਲ ਬੈਂਕ ਕਰਮਚਾਰੀਆਂ ਨੂੰ ਮਾਰਨ ਦੀ ਧਮਕੀ ਦਿੱਤੀ, 35,000 ਰੁਪਏ, ਦੋ ਮੋਬਾਈਲ ਫੋਨ, ਇੱਕ ਰਾਈਫਲ ਅਤੇ ਕਾਰਤੂਸ ਖੋਹ ਲਏ। ਮੁਲਜ਼ਮ ਵਿਰੁੱਧ ਥਾਣਾ ਔਢਾਂ ਵਿੱਚ ਡਕੈਤੀ, ਬੰਦੀ ਬਣਾਉਣ, ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਵਿੱਚੋਂ ਦੋ ਨੂੰ 2010 ਵਿੱਚ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਸੀ ਅਤੇ ਦੋ ਦੀ ਮੌਤ ਹੋ ਗਈ ਹੈ। ਹੁਣ ਇਸ ਮਾਮਲੇ ਵਿੱਚ ਲੋੜੀਂਦੇ ਛੇਵੇਂ ਮੁਲਜ਼ਮ ਅਨੂਪ ਸਿੰਘ ਉਰਫ਼ ਨੂਪਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Advertisement
Advertisement
