ਕੰਪਿਊਟਰ ਗੇਮ ਦੀ ਆੜ ਹੇਠ ਜੂਆ ਖੇਡਣ ਵਾਲੇ ਛੇ ਗ੍ਰਿਫ਼ਤਾਰ
ਪੁਲੀਸ ਨੇ ਕੰਪਿਊਟਰ ਗੇਮਾਂ ਦੀ ਆੜ 'ਚ ਪੈਸੇ ਲਗਾ ਕੇ ਜੂਆ ਖੇਡਣ ਅਤੇ ਇਹ ਧੰਦਾ ਕਰਵਾਉਣ ਵਾਲੇ ਛੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਇੱਥੋਂ ਸਾਦਿਕ-ਮੁਕਤਸਰ ਰੋਡ 'ਤੇ ਕੀਤੀ ਗਈ, ਜਿੱਥੇ ਲੋਕ ਆਨਲਾਈਨ ਗੇਮਾਂ ਰਾਹੀਂ ਹਰੇਕ ਖੇਡ ’ਤੇ ਜੂਆ ਖੇਡ ਰਹੇ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਰੇਡ ਕੀਤੀ ਗਈ ਤਾਂ ਉੱਥੇ ਕੁਝ ਵਿਅਕਤੀ ਕੰਪਿਊਟਰ ਸਕਰੀਨਾਂ ’ਤੇ ਗੇਮਾਂ ਖੇਡ ਰਹੇ ਸਨ ਅਤੇ ਜੂਏ ਦੀ ਰਕਮ ਲਾ ਰਹੇ ਸਨ। ਇਸ ਮੌਕੇ ਤਿੰਨ ਕੰਪਿਊਟਰ, 5140 ਰੁਪਏ ਨਗਦੀ ਅਤੇ ਕੰਪਿਊਟਰ ਨਾਲ ਸਬੰਧਤ ਹੋਰ ਸਾਮਾਨ ਵੀ ਇਨ੍ਹਾਂ ਵਿਅਕਤੀਆਂ ਪਾਸੋਂ ਬਰਾਮਦ ਕੀਤਾ ਗਿਆ ਹੈ। ਸਾਦਿਕ ਪੁਲੀਸ ਨੇ ਮੁਲਜ਼ਮ ਬੇਅੰਤ ਸਿੰਘ, ਮਨਦੀਪ ਕੁਮਾਰ, ਰਵੀ ਕੁਮਾਰ, ਗੁਰਤੇਜ ਸਿੰਘ, ਬੇਅੰਤ ਸਿੰਘ ਪੁੱਤਰ ਦਲੀਪ ਸਿੰਘ ਅਤੇ ਯਕੂਬ ਖ਼ਿਲਾਫ਼ ਜੂਆ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਜਾਰੀ ਹੈ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਤੋਂ ਦੂਰ ਰੱਖਣ ਅਤੇ ਅਜਿਹਾ ਧੰਦਾ ਕਰਨ ਵਾਲੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਣ।