ਸਤਰੰਗ ਮੇਲੇ ’ਚ ਗਾਇਕਾਂ ਤੇ ਫ਼ਿਲਮੀ ਕਲਾਕਾਰਾਂ ਨੇ ਰੰਗ ਬੰਨ੍ਹਿਆ
ਪੱਤਰ ਪ੍ਰੇਰਕ
ਮਾਨਸਾ, 7 ਅਪਰੈਲ
ਗੁਰੂ ਨਾਨਕ ਕਾਲਜ, ਬੁਢਲਾਡਾ ਵਿਚ ਸੱਤਰੰਗ 2025 ਕਲਾ, ਵਿਰਾਸਤੀ ਅਤੇ ਵਿਦਿਅਕ ਮੇਲੇ ਦੇ ਦੂਜੇ ਦਿਨ ਇਲਾਕੇ ਦੇ ਪਿੰਡਾਂ/ਸ਼ਹਿਰਾਂ, ਗੁਆਂਢੀ ਰਾਜਾਂ ਦੇ ਲਗਭਗ 28000 ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪਾਠ ਉਪਰੰਤ ਅਰਦਾਸ ਕਰਕੇ ਕੀਤੀ ਗਈ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ।
ਕਾਲਜ ਪ੍ਰਿਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੌਰਾਨ ਪੰਜਾਬ ਦੀ ਸੂਰਵੀਰਤਾ ਦਾ ਪ੍ਰਤੀਕ ਗਤਕਾ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਰਦੂਲਗੜ੍ਹ ਤੋਂ ਇੰਚਾਰਜ ਦਿਲਰਾਜ ਸਿੰਘ ਭੂੰਦੜ ਅਤੇ ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ ਖਾਲਸਾ ਕਾਲਜ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੱਤਰੰਗ ਮੇਲੇ ’ਚ ਦਰਬਾਰ-ਏ ਖਾਲਸਾ, ਚੀਨੀ ਬਾਜ਼ਾਰ, ਵਿਭਾਗਾਂ ਵੱਲੋਂ ਭਾਸ਼ਾਵਾਂ, ਕਲਾ, ਵਿਰਾਸਤ ਨਾਲ ਸਬੰਧਿਤ ਪ੍ਰਦਰਸ਼ਨੀਆਂ, ਸਾਇੰਸ, ਕੰਪਿਊਟਰ ਸਾਇੰਸ ਕਾਮਰਸ ਬਾਰੇ ਵਿਵਹਾਰਿਕ ਗਿਆਨ, ਫੂਡ ਅਤੇ ਫੈਸ਼ਨ ਤਕਨਾਲੋਜੀ, ਕੋਮਲ ਕਲਾਵਾਂ, ਲੋਕ ਕਲਾਵਾਂ, ਵਿਰਾਸਤੀ ਪਿੰਡ, ਧਾਰਮਿਕ ਪ੍ਰਦਰਸ਼ਨੀਆਂ ਅਤੇ ਪੁਸਤਕ ਮੇਲਾ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਇਸ ਮੇਲੇ ਵਿਚ ਪੰਜਾਬ ਦੀ ਵਿਰਾਸਤ ਦੀਆਂ ਅਣਮੁੱਲੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈਆਂ ਗਈਆਂ। ਇਸੇ ਦੌਰਾਨ ਡਾ. ਪ੍ਰਭਸ਼ਰਨ ਕੌਰ ਦੇ ਨਿਰਦੇਸ਼ਨਾਂ ’ਚ ਤਿਆਰ ਕੀਤੀ ਫਿਲਮ ਦੀ ਪੂਰੀ ਟੀਮ ਹਰਜੀਤ ਗੁੱਡੂ, ਅਦਾਕਾਰ ਮਲਕੀਤ ਰੌਣੀ, ਡਾ. ਹਰਿੰਦਰ ਹੁੰਦਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਾਲ ਸਿੰਘ ਸਮਾਓਂ ਅਤੇ ਹੋਰ ਨਾਮੀ ਕਲਾਕਾਰਾਂ ਨੇ ਹਿੱਸਾ ਲਿਆ।