ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੋਟੀ ਉਮਰੇ ਸਿਮਰਨਜੀਤ ਨੇ ਲਾਈ ਜਿੱਤਾਂ ਦੀ ਝੜੀ

ਸੋਨ ਤੇ ਕਾਂਸੀ ਸਣੇ ਜਿੱਤੇ 24 ਤਗਮੇ; ਥੁੜ ਜ਼ਮੀਨੇ ਕਿਸਾਨ ਦੀ ਧੀ ਕਿੱਕ ਬਾਕਸਿੰਗ ਨੂੰ  ਸਮਰਪਿਤ
ਸੋਨ ਤਗਮਾ ਜੇਤੂ ਸਿਮਰਨਜੀਤ ਕੌਰ
Advertisement

ਪਿੰਡ ਫਤੂਹੀਵਾਲਾ ਦੇ ਮਹਿਜ ਚਾਰ ਕਨਾਲ ਖੇਤੀ ਰਕਬੇ ਵਾਲੇ ਥੁੜ ਜ਼ਮੀਨੇ ਕਿਸਾਨ ਰਣਜੀਤ ਸਿੰਘ (ਸਕੂਲ ਵੈਨ ਚਾਲਕ) ਦੀ ਇਕਲੌਤੀ ਪੁੱਤਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦੀ 10 1 ਦੀ ਵਿਦਿਆਰਥਣ ਸਿਮਰਨਜੀਤ ਕੌਰ ਕਿੱਕ ਬਾਕਸਿੰਗ ਵਿੱਚ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ। ਉਸ ਨੇ ਸੋਲਨ (ਹਿਮਾਚਲ) ਵਿਖੇ ਅੰਡਰ-17 ਵਰਗ ਵਿੱਚ ਕੌਮੀ ਪੱਧਰ ’ਤੇ ਸੋਨੇ ਦਾ ਤਗਮਾ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ। ਵੱਡੀ ਲਗਨ ਅਤੇ ਖੇਡ ਪ੍ਰਤਿਭਾ ਨਾਲ ਉਸਨੇ ਛੋਟੀ ਉਮਰੇ ਹੀ ਜ਼ਿਲ੍ਹਾ ਪੱਧਰ ‘ਤੇ 11, ਸੂਬਾ ਪੱਧਰ ’ਤੇ 10 ਅਤੇ ਕੌਮੀ ਪੱਧਰ ’ਤੇ ਇੱਕ ਸੋਨਾ ਅਤੇ ਇੱਕ ਕਾਂਸੀ ਸਣੇ ਕੁੱਲ 24 ਤਗਮੇ ਜਿੱਤ ਚੁੱਕੀ ਹੈ।

ਪਿਛਲੇ ਚਾਰ ਸਾਲਾਂ ਤੋਂ ਲਗਨ ਅਤੇ ਦ੍ਰਿੜਤਾ ਨਾਲ ਕਿੱਕ ਬਾਕਸਿੰਗ ਨੂੰ ਜ਼ਿੰਦਗੀ ਦਾ ਮਕਸਦ ਬਣਾ ਚੁਕੀ ਸਿਮਰਨਜੀਤ ਕੌਰ ਨੇ ਪੰਜਵੀਂ ਜਮਾਤ ਤੋਂ ਖੇਡਾਂ ਨਾਲ ਆਪਣਾ ਨਾਤਾ ਜੋੜ ਲਿਆ ਸੀ, ਉਹ ਸੱਤਵੀਂ ਜਮਾਤ ਵਿੱਚ ਪਹੁੰਚਣ ਤੱਕ ਕਿੱਕ ਬਾਕਸਿੰਗ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਈ।

Advertisement

ਵੱਡੀ ਗੱਲ ਇਹ ਹੈ ਕਿ ਸਰਹੱਦੀ ਪੇਂਡੂ ਖਿੱਤੇ ਦੇ ਸਧਾਰਨ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਸਿਮਰਨਜੀਤ ਕੌਰ ਨੇ ਬਿਨਾਂ ਕਿਸੇ ਵੱਡੀਆਂ ਸਹੂਲਤਾਂ ਦੇ ਇਹ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਉਸਦੀ ਖੇਡ ਤਰੱਕੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦੇ ਖੇਡ ਵਿੰਗ ਦਾ ਅਹਿਮ ਯੋਗਦਾਨ ਹੈ। ਸਕੂਲ ਵੈਨ ਜਰੀਏ ਆਪਣੀ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਦੇ ਉਸ ਦੇ ਪਿਤਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਿਮਰਨਜੀਤ ਕੌਰ ਦੀ ਖੇਡਾਂ ਪ੍ਰਤੀ ਲਗਨ ਨੇ ਉਨ੍ਹਾਂ ਪਤੀ-ਪਤਨੀ ਨੂੰ ਵੀ ਉਸਦੀ ਪ੍ਰਤਿਭਾ ਦਾ ਹਿੱਸਾ ਬਣਾ ਦਿੱਤਾ ਹੈ। ਹੁਣ ਉਨ੍ਹਾਂ ਦਾ ਪੂਰਾ ਧਿਆਨ ਇਕਲੌਤੀ ਪੁੱਤਰੀ ਦੇ ਖੇਡਾਂ ਵਿਚ ਸਫਲ ਭਵਿੱਖ ਬਣਾਉਣ ’ਤੇ ਹੈ।

ਸਕੂਲ ਪ੍ਰਬੰਧਨ ਵੀ ਸਿਮਰਨਜੀਤ ਕੌਰ ਦੀ ਖੇਡ ਪ੍ਰਤਿਭਾ ਅਤੇ ਪ੍ਰਾਪਤੀਆਂ ਦਾ ਕਾਇਲ ਹੈ। ਸਕੂਲ ਦੀ ਪ੍ਰਿੰਸੀਪਲ ਕੰਵਲਪ੍ਰੀਤ ਕੌਰ, ਡੀ ਪੀ ਈ  ਬਲਜਿੰਦਰਪਾਲ ਸਿੰਘ ਅਤੇ ਪੀ ਟੀ ਆਈ  ਰੁਪਿੰਦਰ ਕੌਰ ਵੱਲੋਂ ਹੋਣਹਾਰ ਖਿਡਾਰਨ ਸਿਮਰਨਜੀਤ ਕੌਰ, ਉਸ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਗੁਰਦੀਪ ਕੌਰ ਨੂੰ ਉਚੇਚੇ ਤੌਰ ’ਤੇ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਕੰਵਲਪ੍ਰੀਤ ਕੌਰ ਨੇ ਕਿਹਾ ਕਿ ਸਿਮਰਨਜੀਤ ਕੌਰ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਜਜ਼ਬੇ ਵਿਚੋਂ ਉਸਦੇ ਵੱਡੇ ਇਰਾਦੇ ਝਲਕਦੇ ਹਨ। ਸਕੂਲ ਵੱਲੋਂ ਉਸਨੂੰ ਲਗਾਤਾਰ ਬਿਹਤਰੀਨ ਮਾਰਗਦਰਸ਼ਨ ਮਿਲਦਾ ਆ ਰਿਹਾ ਹੈ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਹਨ। ਉਨ੍ਹਾਂ ਡੀ ਪੀ ਈ  ਬਲਜਿੰਦਰਪਾਲ ਸਿੰਘ ਅਤੇ ਪੀ ਟੀ ਆਈ ਰੁਪਿੰਦਰ ਕੌਰ ਦੀ ਬਿਹਤਰ ਕਾਰਗੁਜਾਰੀ ਲਈ ਸ਼ਲਾਘਾ ਕੀਤੀ। ਬੁਲੰਦ ਇਰਾਦਿਆਂ ਵਾਲੀ ਸਿਮਰਨਜੀਤ ਕੌਰ ਕਹਿੰਦੀ ਹੈ ਕਿ ਉਹ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕਰਕੇ ਪੰਜਾਬ ਪੁਲੀਸ ਵਿੱਚ ਡੀ ਐੱਸ ਪੀ ਬਣਨ ਦੀ ਇੱਛਾ ਰੱਖਦੀ ਹੈ।

Advertisement
Show comments