ਸਕੇ ਭਰਾਵਾਂ ਨੇ ਨਿਸ਼ਾਨੇਬਾਜ਼ੀ ’ਚ ਫੁੰਡੇ ਜਿੱਤੇ ਚਾਂਦੀ ਦੇ ਤਗ਼ਮੇ
ਪਿੰਡ ਮਲਕਾਣਾ ਦੇ ਮੌਜੂਦਾ ਸਰਪੰਚ ਰਾਮਪਾਲ ਸਿੰਘ ਸਿੱਧੂ ਦੇ ਦੋਵੇਂ ਪੁੱਤਰਾਂ ਨੇ ਮੁਹਾਲੀ ਵਿੱਚ ਹੋਈ ਸੂਬਾਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵੱਖ-ਵੱਖ ਵਰਗ ਦੇ ਮੁਕਾਬਲਿਆਂ ਵਿੱਚ ਚਾਂਦੀ ਦੇ ਤਗ਼ਮੇ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਨਿਸ਼ਾਨੇਬਾਜ਼ਾਂ ਦੇ ਪਿਤਾ ਸਰਪੰਚ ਰਾਮਪਾਲ ਸਿੰਘ ਨੇ ਦੰਸਿਆ ਕਿ ਮੁਹਾਲੀ ਵਿਖੇ ਹੋਈ 60ਵੀਂ ਪੰਜਾਬ ਸਟੇਟ ਐੱਨਆਰ ਸੂਟਿੰਗ ਚੈਂਪੀਅਨਸ਼ਿਪ-2025 ਵਿੱਚ ਉਨ੍ਹਾਂ ਦੇ ਵੱਡੇ ਪੁੱਤਰ ਦਿਲਸ਼ਾਨ ਸਿੰਘ ਸਿੱਧੂ ਨੇ ਅੰਡਰ-17 ’ਚ 50 ਮੀਟਰ ਫਰੀ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਛੋਟੇ ਪੁੱਤਰ ਅਭੈ ਪ੍ਰਤਾਪ ਸਿੰਘ ਸਿੱਧੂ ਨੇ ਅੰਡਰ-14 ਦੇ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਦਿਲਸ਼ਾਨ ਸਿੰਘ ਸਿੱਧੂ ਨੇ ਜਿੱਥੇ ਪਿਛਲੇ ਸਮੇਂ ਤੋਂ ਕੌਮੀ ਅਤੇ ਸੂਬਾ ਪੱਧਰ ਦੇ ਨਿਸ਼ਾਨੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਸੋਨੇ ਤੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ ਉੱਥੇ ਅਭੈ ਪ੍ਰਤਾਪ ਸਿੰਘ ਸਿੱਧੂ ਨੇ ਪਹਿਲੀ ਵਾਰ ਕਿਸੇ ਪ੍ਰਤੀਯੋਗਤਾ ਵਿੱਚ ਭਾਗ ਲੈਂਦਿਆਂ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਰਾਮਪਾਲ ਸਿੰਘ ਮਲਕਾਣਾ ਨੇ ਇਸ ਪ੍ਰਾਪਤੀ ਦਾ ਸਿਹਰਾ ਓਲੰਪੀਅਨ ਸ਼ੂਟਿੰਗ ਅਕੈਡਮੀ ਕਾਲਾਂਵਾਲੀ ਦੇ ਕੋਚ ਸੰਦੀਪ ਕੁਮਾਰ ਅਤੇ ਮਨਜੀਤ ਕੌਰ ਨੂੰ ਦਿੱਤਾ ਹੈ।