ਘਰ ਅੱਗੇ ਪਟਾਕੇ ਚਲਾਉਣ ਨੂੰ ਲੈ ਕੇ ਗੋਲੀ ਚੱਲੀ
ਮਾਂ ਪੁੱਤਰ ਜ਼ਖ਼ਮੀ, ਪੁਲੀਸ ਵੱਲੋਂ ਕੇਸ ਦਰਜ
Advertisement
ਇੱਥੋਂ ਦੇ ਨਜ਼ਦੀਕੀ ਪਿੰਡ ਕਮਾਲਕੇ ਵਿੱਚ ਦੀਵਾਲੀ ਦੀ ਰਾਤ ਇੱਕ ਘਰ ਅੱਗੇ ਪਟਾਕੇ ਚਲਾਉਣ ਕਾਰਨ ਹੋਈ ਤਕਰਾਰ ਦੌਰਾਨ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਪਟਾਕਾ ਚਲਾਉਣ ਵਾਲਾ ਨੌਜਵਾਨ ਅਤੇ ਉਸ ਦੀ ਮਾਤਾ ਫਾਇਰ ਲੱਗਣ ਨਾਲ ਜ਼ਖਮੀ ਹੋ ਗਏ ਅਤੇ ਦੋਹੇਂ ਫਰੀਦਕੋਟ ਮੈਡੀਕਲ ਹਸਪਤਾਲ ਜੇਰੇ ਇਲਾਜ ਹਨ।
ਧਰਮਕੋਟ ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੱਚਪ੍ਰੀਤ ਸਿੰਘ ਨਾਮ ਲੜਕੇ ਦੇ ਪਿੰਡ ਦੇ ਹੀ ਆਪਣੇ ਗੁਆਂਢ ’ਚ ਰਹਿੰਦੀ ਲੜਕੀ ਨਾਲ ਲੰਘੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ। ਜਿਸ ਦੇ ਚਲਦਿਆਂ ਦੋਹਾਂ ਪਰਿਵਾਰਾਂ ਵਿੱਚ ਤਕਰਾਰ ਚੱਲ ਰਿਹਾ ਸੀ।
ਦੀਵਾਲੀ ਮੌਕੇ ਲੜਕੇ ਨੇ ਉਕਤ ਲੜਕੀ ਦੇ ਘਰ ਸਾਹਮਣੇ ਜਾਕੇ ਪਟਾਕੇ ਚਲਾਏ ਜਿਸ ਕਾਰਨ ਹੋਈ ਆਪਸੀ ਤਕਰਾਰਬਾਜ਼ੀ ਨੇ ਹਿੰਸਕ ਰੂਪ ਧਾਰਨ ਕਰ ਲਿਆ। ਲੜਕੀ ਦੇ ਪਿਤਾ ਅੰਗਰੇਜ਼ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ ਲੜਕਾ ਸੱਚਪ੍ਰੀਤ ਸਿੰਘ ਅਤੇ ਉਸਦੀ ਮਾਤਾ ਪਰਮਜੀਤ ਕੌਰ ਜ਼ਖ਼ਮੀ ਹੋ ਗਏ।
ਦੋਵੇਂ ਜ਼ਖਮੀਆਂ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ। ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ। ਲੜਕੇ ਨੇ ਲੜਕੀ ਦੇ ਘਰ ਅੱਗੇ ਜਾਕੇ ਅੱਧੀ ਰਾਤ ਨੂੰ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਜੋ ਇਸ ਆਪਸੀ ਲੜਾਈ ਦਾ ਕਾਰਨ ਬਣੇ।
ਉਨ੍ਹਾਂ ਦੱਸਿਆ ਲੜਕੀ ਧਿਰ ਦੇ ਲੋਕ ਵੀ ਜੇਰੇ ਇਲਾਜ਼ ਹਨ। ਫਿਲਹਾਲ ਲੜਕੀ ਦੇ ਪਿਤਾ ਅੰਗਰੇਜ਼ ਸਿੰਘ ’ਤੇ ਮਾਮਲਾ ਦਰਜ ਕੀਤਾ ਗਿਆ ਹੈ।ਅਤੇ ਜਾਂਚ ਕੀਤੀ ਜਾ ਰਹੀ ਹੈ।
ਫੋਟੋ ਕੈਪਸਨ -ਥਾਣਾ ਮੁਖੀ ਗੁਰਮੇਲ ਸਿੰਘ ਕਮਾਲ ਕੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫੋਟੋ ਹਰਦੀਪ ਸਿੰਘ
Advertisement