ਮੀਂਹ ਨਾਲ ਸ਼ੈੱਡ ਡਿੱਗਿਆ; ਦੋ ਮੱਝਾਂ ਮਰੀਆਂ
ਪ੍ਰਸ਼ੋਤਮ ਕੁਮਾਰ
ਸਾਦਿਕ, 14 ਜੁਲਾਈ
ਪਿੰਡ ਕਾਨਿਆਂ ਵਾਲੀ ਵਿੱਚ ਭਾਰੀ ਮੀਂਹ ਕਾਰਨ ਦੁਧਾਰੂ ਪਸ਼ੂਆਂ ਲਈ ਬਣਾਇਆ ਸ਼ੈੱਡ ਡਿੱਗਣ ਨਾਲ ਦੋ ਮੱਝਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਨਿਆਂ ਵਾਲੀ ਦੇ ਕਿਸਾਨ ਗੁਰਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਦੋਵੇਂ ਭਰਾਵਾਂ ਨੇ ਪਿੰਡ ਵਿੱਚ ਇੱਕ ਸ਼ੈੱਡ ਬਣਾ ਕੇ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ 11 ਦੁਧਾਰੂ ਪਸ਼ੂ ਰੱਖੇ ਹਨ। ਇਨ੍ਹਾਂ ਵਿੱਚੋਂ ਅੱਜ ਭਾਰੀ ਮੀਂਹ ਕਾਰਨ ਸ਼ੈੱਡ ਡਿੱਗਣ ਕਾਰਨ ਦੋ ਮੱਝਾਂ ਦੀ ਮੌਤ ਹੋ ਗਈ ਜਦੋਂਕਿ ਪਿੰਡ ਵਾਸੀਆਂ ਦੇ ਸਹਿਯੋਗ ਬਾਕੀ ਪਸ਼ੂਆਂ ਨੂੰ ਬਚਾ ਲਿਆ ਗਿਆ। ਪੀੜਤ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ-ਨਾਲ ਦੁਧਾਰੂ ਪਸ਼ੂ ਪਾਲਦਾ ਹੈ ਅਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਸ਼ੈੱਡ ਡਿੱਗਣ ਅਤੇ ਮੱਝਾਂ ਮਰਨ ਕਾਰਨ ਉਸ ਦਾ ਕਰੀਬ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੁਝ ਪਸ਼ੂਆਂ ਦੇ ਸੱਟਾਂ ਵੀ ਵੱਜੀਆਂ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਮੱਝਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਮੌਕੇ 'ਤੇ ਪੁੱਜੇ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੋਂ ਯੋਗ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਪੀੜਤ ਪਰਿਵਾਰ ਨੇ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।