ਆਕਸਫੋਰਡ ਸਕੂਲ ’ਚ ਸ਼ਬਦ ਕੀਰਤਨ ਮੁਕਾਬਲੇ
ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ। ਸਕੂਲ ਦੇ ਬੱਚਿਆਂ ਅਤੇ ਸਕੂਲ ਸਟਾਫ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਇਸ ਮੌਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰ ਹਾਊਸ ਸ਼ਬਦ ਗਾਇਨ ਮੁਕਾਬਲੇ ਕਰਵਾਏ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਕਵੀਸ਼ਰੀ ਪੇਸ਼ ਕੀਤੀ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਗੁਰਪੁਰਬ ਦੀ ਵਧਾਈ ਦਿੰਦਿਆਂ ਸ਼ਬਦ ਗਾਇਨ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ। ਇਸ ਮੌਕੇ ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਉਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਹਾਜ਼ਰ ਸਨ।
ਨੈਤਿਕ ਸਿੱਖਿਆ ਮੁਕਾਬਲੇ ਦੇ ਜੇਤੂ ਸਨਮਾਨੇ
ਨਥਾਣਾ: ਇੱਥੋਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਮੁਕਾਬਲੇ ’ਚ ਚੰਗਾ ਪ੍ਰਦਰਸ਼ਨ ਕੀਤਾ। ਸੱਤਵੀਂ ਦੀ ਏਕਮਨੂਰ ਕੌਰ ਨੇ ਦੂਜਾ ਅਤੇ ਅੱਠਵੀਂ ਦੀ ਸੁਖਮਨੀ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਨੌਵੀਂ ਜਮਾਤ ਦੀ ਜੈਸਮੀਨ ਕੌਰ ਅਤੇ ਅੱਠਵੀਂ ਦੀ ਅਮਨਪ੍ਰੀਤ ਕੌਰ ਨੇ ਮੈਰਿਟ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ 54 ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ। ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਜੋਤੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ
ਭਗਤਾ ਭਾਈ: ਡਾ. ਬਲਬੀਰ ਸਿੰਘ ਸਕੂਲ ਆਫ ਐਕਸੀਲੈਂਸ ਤੇ ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ ਨਰਸਿੰਗ ਭਗਤਾ ਭਾਈ ਵਿੱਚ ਪ੍ਰਕਾਸ਼ ਪੁਰਬ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਚੇਅਰਮੈਨ ਡਾ. ਬਲਜੀਤ ਸਿੰਘ ਦਿਉਲ ਤੇ ਐਡਵੋਕੇਟ ਪਰਮਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਦੇ ਅੰਤਰ-ਹਾਊਸ ਲੇਖ ਮੁਕਾਬਲੇ ਕਰਵਾਏ ਗਏ। ‘ਸ੍ਰੀ ਗੁਰੂ ਨਾਨਕ ਸਾਹਿਬ ਇੱਕ ਸਾਇੰਸਦਾਨ’ ਵਿਸ਼ੇ ’ਤੇ ਕਰਵਾਏ ਮੁਕਾਬਲੇ ’ਚ ਨਵਜੋਤ ਕੌਰ ਨੇ ਪਹਿਲਾ, ਬਿਕਰਮਜੀਤ ਸਿੰਘ ਨੇ ਦੂਜਾ ਤੇ ਪ੍ਰਭਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਖਿਡਾਰੀ ਖੁਸ਼ਦੀਪ ਸਿੰਘ ਤੇ ਲੇਖ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਤੇ ਪ੍ਰਿੰਸੀਪਲ ਨਵਕਿਰਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਦਲਜੀਤ ਕੌਰ ਤੂਰ, ਡਾ. ਮਨਜੀਤ ਸਿੰਘ ਦਿਉਲ ਤੇ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ
ਸਕੂਲਾਂ ਵਿੱਚ ਪ੍ਰਕਾਸ਼ ਪੁਰਬ ਮਨਾਇਆ
ਕੋਟਕਪੂਰਾ: ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣ ਵਾਲਾ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਉਚਾਰਨ, ਸ਼ਬਦ ਗਾਇਨ, ਕਵਿਤਾ ਪਾਠ, ਧਾਰਮਿਕ ਕੋਰੀਓਗ੍ਰਾਫੀ, ਭਾਸ਼ਣ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਸਮੇਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰੀਖਿਆ ਵੀ ਲਈ ਗਈ। ਸਕੂਲ ਦੇ ਡਾਇਰੈਕਟਰ/ ਪ੍ਰਿੰਸੀਪਲ ਡਾ. ਐੱਸ ਐੱਸ ਬਰਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਹੱਕਸੱਚ ਦੀ ਕਿਰਤ ਦੇ ਰਾਹ ’ਤੇ ਚੱਲਣ ਲਈ ਪ੍ਰੇਰਦੀਆਂ ਹਨ। ਇਸ ਦੌਰਾਨ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀ ਨੌ ਵਿੱਚ ਵੀ ਸਮਾਗਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਸਵੇਰੇ ਦੀ ਸਭਾ ਵਿੱਚ ਜਪੁਜੀ ਸਾਹਿਬ ਦੇ ਪਾਠ ਉਚਾਰਨ ਨਾਲ ਕੀਤੀ ਗਈ। ਮੈਡਮ ਰਮਨਦੀਪ ਕੌਰ ਨੇ ਗੁਰੂ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਨੰਨੇ-ਮੁੰਨੇ ਬੱਚਿਆਂ ਤੋਂ ਸਵਾਲ ਪੁੱਛੇ ਗਏ। ਛੇਵੀਂ ਜਮਾਤ ਦੀ ਐਵਲੀਨ ਕੌਰ, ਦੂਜੀ ਦੇ ਪ੍ਰਭਜੋਤ ਸਿੰਘ ਅਤੇ ਪੰਜਵੀਂ ਦੇ ਸ਼ਿਵਜੋਤ ਸਿੰਘ ਨੇ ਗੁਰੂ ਜੀ ਬਾਰੇ ਕਵਿਤਾਵਾਂ ਤੇ ਉਨ੍ਹਾਂ ਦੇ ਸ਼ਬਦ ਉਚਾਰਨ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਰੁਬੀਨਾ ਧੀਰ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ
ਹਸਪਤਾਲ ਵਿੱਚ ਜਾਗਰੂਕਤਾ ਸਮਾਗਮ
ਸਾਦਿਕ: ਸਰਕਾਰੀ ਹਸਪਤਾਲ ਸਾਦਿਕ ਵਿੱਚ ਕੇਅਰ ਕੰਪੇਨੀਅਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਰਸ਼ਦੀਪ ਸਿੰਘ ਬਰਾੜ ਤੇ ਮੈਡੀਕਲ ਅਫ਼ਸਰ ਡਾ. ਕਿਰਨਬੀਰ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀਆਂ, ਆਮ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਿਹਤ ਪੱਧਰ ਉੱਚਾ ਚੁੱਕਣਾ ਹੈ। -ਨਿੱਜੀ ਪੱਤਰ ਪ੍ਰੇਰਕ
ਅੱਜ ਬਿਜਲੀ ਬੰਦ ਰਹੇਗੀ
ਮਾਨਸਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੇ ਮਾਨਸਾ ਸਥਿਤ ਸਹਾਇਕ ਕਾਰਜਕਾਰੀ ਇੰਜਨੀਅਰ ਅੰਮ੍ਰਿਤਪਾਲ ਗੋਇਲ ਨੇ ਦੱਸਿਆ ਕਿ ਵੀ ਆਈ ਪੀ ਫੀਡਰ ਤੋਂ ਚੱਲਦੇ ਨੇੜੇ ਬੱਸ ਸਟੈਂਡ, ਕਚਹਿਰੀ ਰੋਡ, ਲਾਭ ਸਿੰਘ ਵਾਲੀ ਗਲੀ, ਗਲੀ ਨੰਰਜ 1, 2, 3, 4 ਅਤੇ 33 ਫੁੱਟ ਰੋਡ, ਸੈਂਟ ਜ਼ੇਵੀਅਰ ਸਕੂਲ, ਖੀਵਾ ਸਟਰੀਕ, ਕੁੱਝ ਏਰੀਆ ਕੇਸਰ ਵਕੀਲ ਵਾਲੀ ਗਲੀ, ਮਾਤਾ ਸੁੰਦਰੀ ਕਾਲਜ ਆਦਿ ਖੇਤਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਭਲਕੇ 6 ਨਵੰਬਰ ਨੂੰ ਸਵੇਰ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। -ਪੱਤਰ ਪ੍ਰੇਰਕ
ਸਾਬਕਾ ਕੇਂਦਰੀ ਮੰਤਰੀ ਬਾਂਸਲ ਨੂੰ ਸਦਮਾ
ਤਪਾ ਮੰਡੀ: ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਉਸ ਸਮੇਂ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਮਿਠਣ ਲਾਲ ਬਾਂਸਲ (74) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਰਾਮ ਬਾਗ ਦੀ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। -ਪੱਤਰ ਪ੍ਰੇਰਕ
