ਸੀਵਰੇਜ ਸਮੱਸਿਆ: ਤਿੰਨ ਵਾਰਡਾਂ ਦੇ ਵਸਨੀਕਾਂ ਵੱਲੋਂ ਧਰਨਾ
ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਮੰਗ ਲਈ ਵਾਰਡ ਨੰਬਰ 2, 3 ਅਤੇ 4 ਦੇ ਵਾਸੀਆਂ ਵੱਲੋਂ ਬੱਸ ਸਟੈਂਡ ਤੋਂ ਡੀਸੀ ਦੇ ਘਰ ਨੂੰ ਜਾਂਦੇ ਮੁੱਖ ਮਾਰਗ ਉਪਰ ਧਰਨਾ ਦਿੱਤਾ ਗਿਆ। ਇਸ ਸਮੇਂ ਵੱਡੀ ਗਿਣਤੀ ਮਰਦ, ਔਰਤਾਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਵੱਲੋਂ ਪੈਟਰੋਲ ਪੰਪ ਵਾਲੇ ਚੌਕ ਦੀ ਆਵਾਜਾਈ ਠੱਪ ਕਰ ਦਿੱਤੀ ਗਈ। ਆਗੂ ਜਸਵੰਤ ਸਿੰਘ ਮਾਨਸਾ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪ੍ਰੰਤੂ ਉਨ੍ਹਾਂ ਵੱਲੋਂ ਸਿਵਾਏ ਲਾਰੇ-ਲੱਪਿਆਂ ਤੋਂ ਕੁੱਝ ਵੀ ਪੱਲੇ ਨਹੀਂ ਪਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਮੋਹਲ, ਆਤਮਾ ਸਿੰਘ ਪਮਾਰ, ਡਾ. ਜਨਕ ਰਾਜ ਸਿੰਗਲਾ,ਬਿੱਕਰ ਸਿੰਘ ਮਘਾਣੀਆ, ਨਿਰਮਲ ਸਿੰਘ ਝੰਡੂਕੇ, ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਮੀਹਾਂ, ਕੌਂਸਲਰ ਰਾਮਪਾਲ ਬੱਪੀਆਣਾ, ਦਵਿੰਦਰ ਕੁਮਾਰ ਤੇ ਗੁਰਦੀਪ ਸਿੰਘ ਦੀਪਾ ਨੇ ਵੀ ਸੰਬੋਧਨ ਕੀਤਾ।
ਈਓ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
Advertisementਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਦੀਪ ਸਿੰਘ ਨੇ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਲਕ ਤੋਂ ਪਾਣੀ ਦੀ ਨਿਕਾਸੀ ਲਈ ਮਸ਼ੀਨਾਂ ਲਗਾਉਣ ਤੋਂ ਇਲਾਵਾ ਬਾਕੀ ਮੰਗਾਂ ਵੀ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਭਰੋਸੇ ਉਪਰੰਤ ਆਗੂਆਂ ਵੱਲੋਂ ਧਰਨਾ ਚੁੱਕਿਆ ਗਿਆ।