ਬਰਨਾਲਾ ਦੇ ਸਦਰ ਬਾਜ਼ਾਰ ਦੀ ਸੜਕ ’ਚ ਕਈ ਵਾਹਨ ਧਸੇ
ਨਗਰ ਕੌਂਸਲ ਵੱਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੇ ਮਿਆਰ ਸਬੰਧੀ ਸ਼ਹਿਰ ਦੇ ਲੋਕ ਕਈ ਵਾਰ ਕੌਂਸਲ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਅੱਜ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ ’ਚ ਕਾਰ ਸਵਾਰ ਪਰਿਵਾਰ ਦੀ ਕਾਰ ਅਚਾਨਕ ਸੜਕ ’ਚ ਧਸ ਗਈ। ਇਸ ਤੋਂ ਇਲਾਵਾ ਸਦਰ ਬਾਜ਼ਾਰ ’ਚ ਹੀ ਇੱਟਾਂ ਦੀ ਟਰਾਲੀ ਵੀ ਧਸ ਗਈ। ਪੂਰੇ ਬਾਜ਼ਾਰ ’ਚ ਸੜਕ ਧਸ ਜਾਣ ਕਾਰਨ ਡੂੰਘੇ ਟੋਏ ਪੈ ਜਾਣ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨਗਰ ਕੌਂਸਲ ਦੀ ਅਣਗਿਹਲੀ ਖ਼ਿਲਾਫ਼ ਭਾਜਪਾ ਦੇ ਸੀਨੀਅਰ ਆਗੂਆਂ ਪ੍ਰੇਮ ਪ੍ਰੀਤਮ ਜਿੰਦਲ, ਰਾਜਿੰਦਰ ਉੱਪਲ ਤੇ ਹੋਰ ਆਗੂਆਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਪ੍ਰੇਮ ਪ੍ਰੀਤਮ ਜਿੰਦਲ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਵਿਕਾਸ ਦੇ ਨਾਮ ’ਤੇ ਜੋ ਕੰਮਾਂ ’ਚ ਕੁਤਾਹੀ ਵਰਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲ ਦੀਪ ਬਾਂਸਲ ਨੇ ਕਿਹਾ ਕਿ ਮੀਂਹ ਜ਼ਿਆਦਾ ਪੈ ਜਾਣ ਕਾਰਨ ਸੜਕ ਧਸ ਗਈ ਹੈ ਪਰ ਫਿਰ ਵੀ ਸੜਕ ਧਸਣ ਦੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।