ਬਾਬਾ ਫ਼ਰੀਦ ਸਕੂਲ ਛੱਤਿਆਣਾ ’ਚ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਸਮਾਪਤ
ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿੱਚ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਦੀ ਯੋਗ ਅਗਵਾਈ ਵਿੱਚ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਦਾ ਸਮਾਪਤੀ ਸਮਾਰੋਹ ਕਰਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਜਿੰਦਰ ਸੋਨੀ ਸਹਾਇਕ ਜਿਲਾ ਸਿੱਖਿਆ ਅਫ਼ਸਰ, ਡਿਪਟੀ ਕਾਊਂਸਲਰ ਸੁਨੀਲ ਜੱਗਾ ਸ਼ਾਮਲ ਹੋਏ। ਜਦਕਿ ਸਤਪਾਲ ਮੋਹਲਾਂ ਐੱਮ ਡੀ ਸੀ ਜੀ ਐੱਮ ਕਾਲਜ ਅਤੇ ਸਵਰਨਜੀਤ ਸਿੰਘ ਮੱਲਣ ਐੱਮ ਡੀ ਨਿਊ ਮਾਲਵਾ ਸਕੂਲ ਮੱਲਣ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੁਲਾਰਿਆਂ ਨੇ ਐੱਨ ਐੱਸ ਐੱਸ ਵਾਲੰਟੀਅਰਾਂ ਨੂੰ ਸਕੂਲ ਵੱਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਅਤੇ ਸਮਾਜ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ। ਐੱਨ ਐੱਸ ਐੱਸ ਕੈਂਪ ਸਬੰਧੀ ਪ੍ਰੋਗਰਾਮ ਅਫ਼ਸਰ ਬਲਕਰਨ ਸਿੰਘ, ਲੈਕਚਰਾਰ ਸੁਖਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਕੁੱਲ 100 ਐੱਨ ਐੱਸ ਐੱਸ ਵਾਲੰਟੀਅਰ ਲੜਕੀਆਂ ਅਤੇ ਲੜਕਿਆਂ ਨੇ ਭਾਗ ਲਿਆ। ਐੱਨ ਐੱਸ ਐੱਸ ਕੈਂਪ ਦੀ ਰੋਜ਼ਾਨਾ ਸ਼ੁਰੂਆਤ ਯੋਗ ਆਸਣ ਨਾਲ ਕੀਤੀ ਗਈ। ਇਸ ਤੋਂ ਇਲਾਵਾ ਐਨਐਸ ਐਸ ਵਾਲੰਟੀਅਰਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵਿੱਦਿਅਕ ਟੂਰ ਅਤੇ ਵੱਖ ਵੱਖ ਵਿਸ਼ਿਆਂ ’ਤੇ ਸੈਮੀਨਾਰ ਲਾਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੰਗੇ ਨਾਗਰਿਕ ਬਨਣ ਲਈ ਐਨ ਐਸ ਐਸ ਕੈਂਪ ਬਹੁਤ ਸਹਾਈ ਹੁੰਦੇ ਹਨ। ਇਸ ਮੌਕੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।