ਸੈਮੀਨਾਰ ਰਾਹੀਂ ਵਿਦਿਆਰਥਣਾਂ ਨੂੰ ਵਾਤਾਵਰਨ ਬਾਰੇ ਕੀਤਾ ਜਾਗਰੂਕ
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਰਹਿਨੁਮਾਈ ’ਚ ਕੋਟਕਪੂਰਾ ਗਰੁੱਪ ਆਫ਼ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਨ, ਟਰੈਫ਼ਿਕ, ਸਮਾਜਿਕ ਕੁਰੀਤੀਆਂ, ਨੈਤਿਕ ਕਦਰਾਂ-ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿੱਚ ਜਾਗਰੂਕਤਾ ਸੈਮੀਨਾਰ ਕੀਤਾ ਗਿਆ।
ਸੇਵਾ ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸੈਮੀਨਾਰ ਵਿੱਚ ਮੁੱਖ ਵਕਤਾ ਦੇ ਤੌਰ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਵਿੱਚ ਆਏ ਵਿਗਾੜ ਅਤੇ ਕੁਦਰਤ ਨਾਲ ਹੋ ਰਹੇ ਖਿਲਵਾੜ ਦਾ ਖਮਿਆਜ਼ਾ ਸਭਨਾਂ ਨੂੰ ਬਿਮਾਰੀਆਂ ਅਤੇ ਅਣ-ਕਿਆਸੀਆਂ ਆਫ਼ਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਝੋਨੇ ਦੀ ਪਰਾਲੀ, ਕਣਕ ਦੇ ਨਾੜ ਨੂੰ ਲਾਈਆਂ ਜਾਂਦੀਆਂ ਅੱਗਾਂ ਨਾਲ ਫੈਲਦੇ ਧੁੂੰਏਂ, ਫੈਕਟਰੀਆਂ ਅਤੇ ਵਾਹਨਾਂ ਦੇ ਪ੍ਰਦੂਸ਼ਣ, ਤਿਉਹਾਰਾਂ ਜਾਂ ਖੁਸ਼ੀ ਮੌਕੇ ਚਲਾਏ ਜਾਂਦੇ ਪਟਾਕੇ/ਆਤਿਸ਼ਬਾਜੀਆਂ ਨਾਲ ਵਾਤਾਵਰਣ ਨੂੰ ਪਲੀਤ ਕਰਨ ਵਾਲੀਆਂ ਗ਼ਲਤ ਆਦਤਾਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ। ਮੰਚ ਸੰਚਾਲਨ ਮਾਸਟਰ ਸੁਖਦਰਸ਼ਨ ਸਿੰਘ ਨੇ ਕੀਤਾ, ਜਦ ਕਿ ਸਕੂਲ ਦੇ ਪਿ੍ਰੰਸੀਪਲ ਸਿਕੰਦਰ ਸਿੰਘ ਨੇ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਸੁਸਾਇਟੀ ਵੱਲੋਂ ਵਿਦਿਆਰਥਦਾਂ ਨੂੰ ਜਾਗਰੂਕਤਾ ਸਬੰਧੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਦਿੱਤੀਆਂ ਗਈਆਂ।