ਪਿੰਡਾਂ ’ਚ ਲਾਇਬਰੇਰੀਆਂ ਦੀ ਲੋੜ ਕਿਉਂ’ ਵਿਸ਼ੇ ’ਤੇ ਸੈਮੀਨਾਰ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਵਿਖੇ ‘ਪਿੰਡਾਂ ਚ ਲਾਇਬਰੇਰੀਆਂ ਦੀ ਲੋੜ ਕਿਉਂ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਮੂਹ ਪਿੰਡਾਂ ’ਚ ਲਾਇਬਰੇਰੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਪ੍ਰਸਿੱਧ ਕਿਤਾਬਾਂ ਪ੍ਰਸਿੱਧ ਵਿਅਕਤੀ ਸਿਰਜਦੇ ਹਨ ਤਾਂ ਕਿਤਾਬਾਂ ਵੀ ਪ੍ਰਸਿੱਧ ਮਨੁੱਖ ਸਿਰਜਦੀਆਂ ਹਨ। ਡਾ. ਜਸਮੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਜਨ ਸਧਾਰਨ ਨੂੰ ਲੋਕ ਸਮੱਸਿਆਵਾਂ ਦੇ ਹੱਲ ਲੱਭਣ ਲਈ ਲਾਇਬਰੇਰੀਆਂ ਨਾਲ ਜੋੜਿਆ ਜਾਵੇ। ਸੈਮੀਨਾਰ ਦੌਰਾਨ ਮਹਿਮਾਨਾਂ ਨੂੰ ਜੀ ਆਇਆਂ ਨੂੰ ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਆਖਿਆ ਅਤੇ ਸੰਸਥਾ ਦੇ ਡਾਇਰੈਕਟਰ ਅਕਾਦਮਿਕ ਪਰਮਿੰਦਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ, ਮੈਡਮ ਸਿੰਬਲਜੀਤ ਕੌਰ, ਚੇਅਰਮੈਨ ਕੁਲਵੰਤ ਸਿੰਘ ਢੱਡੇ ਅਤੇ ਖ਼ਜ਼ਾਨਚੀ ਪ੍ਰਸ਼ੋਤਮ ਕੌਰ ਨੇ ਵੀ ਉਚੇਚੇ ਤੌਰ ’ਤੇ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।