ਏਲਨਾਬਾਦ ’ਚ ਸ਼ਹੀਦ ਭਗਤ ਸਿੰਘ ਬਾਰੇ ਸੈਮੀਨਾਰ
ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਮੌਕੇ ਨੌਜਵਾਨ ਭਾਰਤ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਹਰਿਆਣਾ ਵੱਲੋਂ 'ਭਗਤ ਸਿੰਘ ਦੀ ਇਨਕਲਾਬੀ ਵਿਰਾਸਤ ਅਤੇ ਸਾਡਾ ਸਮਾਂ' ਵਿਸ਼ੇ ’ਤੇ ਬਾਬਾ ਭਕਨਾ ਹਾਲ ਸੰਤਨਗਰ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸਾਥੀ ਦਵਿੰਦਰ ਰਾਣੀਆਂ ਨੇ ਇਨਕਲਾਬੀ ਗੀਤ ਰਾਹੀਂ ਕੀਤੀ। ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸੰਤਨਗਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਭਗਤ ਸਿੰਘ ਦੇ ਵਿਚਾਰਧਾਰਕ ਵਿਕਾਸ ਬਾਰੇ ਅਤੇ ਮੌਜੂਦਾ ਸਰਮਾਏਦਾਰੀ ਪ੍ਰਬੰਧ ਅੰਦਰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਉਹਨਾਂ ਦੇ ਵਿਚਾਰਾਂ ਦੀ ਮੌਜੂਦਾ ਸਮੇਂ ਵਿੱਚ ਪ੍ਰਸੰਗਕਤਾ ਬਾਰੇ ਡਾ. ਸੁਖਦੇਵ ਸੰਤਨਗਰ ਨੇ ਵਿਸਥਾਰ ਵਿੱਚ ਅਪਣੀ ਗੱਲ ਰੱਖੀ। ਨੌਜਵਾਨ ਭਾਰਤ ਸਭਾ ਵੱਲੋਂ ਸਾਥੀ ਪਰਮਜੀਤ ਨੇ ਕਿਹਾ ਕਿ ਅੱਜ ਹਾਕਮ ਜਿਹੜੀ ਜਾਤੀ ਨਫ਼ਰਤ ਲੋਕਾਂ ਵਿੱਚ ਫੈਲਾ ਕੇ ਕਿਰਤੀ ਲੋਕਾਂ ਵਿੱਚ ਫੁੱਟ ਪਾ ਰਹੇ ਹਨ। ਇਸ ਬਾਰੇ ਭਗਤ ਸਿੰਘ ਨੇ ਬਹੁਤ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਕਵੀਆਂ ਮਾਸਟਰ ਮੁਖਤਿਆਰ ਸਿੰਘ ਚੱਠਾ ਅਤੇ ਬਲਵਿੰਦਰ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ। ਹਰਜਿੰਦਰ ਸਿੰਘ ਭੰਗੂ ਅਤੇ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਸਕੱਤਰ ਦਵਿੰਦਰ ਰਾਣੀਆਂ ਨੇ ਭਾਸ਼ਣ ਦਿੱਤੇ। ਮੰਚ ਸੰਚਾਲਨ ਅਮਨ ਸੰਤਨਗਰ ਨੇ ਕੀਤਾ।