ਨਾਟਕਕਾਰ ਦਰਸ਼ਨ ਮਿਤਵਾ ਦੀਆਂ ਰਚਨਾਵਾਂ ਬਾਰੇ ਚਰਚਾ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿੱਚ ਕਥਾਕਾਰ ਅਤੇ ਨਾਟਕਕਾਰ ਦਰਸ਼ਨ ਮਿਤਵਾ ਦੀਆਂ ਰਚਨਾਵਾਂ ਬਾਰੇ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਰੰਗਕਰਮੀ ਮਨਜੀਤ ਕੌਰ ਔਲਖ ਨੇ ਕੀਤੀ।
ਕਾਲਜ ਦੀ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਕਿਹਾ ਕਿ ਮਿਤਵਾ ਨੇ ਜੀਵਨ ਅਤੇ ਸਾਹਿਤ ਵਿੱਚ ਬਹੁਤ ਤਰੱਕੀ ਕੀਤੀ, ਉਹ ਸਿਰੜੀ ਅਤੇ ਮਿਹਨਤੀ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਿਤਵਾ ਦੇ ਸਮੁੱਚੇ ਸਾਹਿਤ ’ਤੇ ਖੋਜ ਕਾਰਜ ਕਰਵਾਉਣੀ ਚਾਹੀਦੀ ਹੈ।
ਕਲਾ ਪਰਿਸ਼ਦ ਚੰਡੀਗੜ੍ਹ ਦੇ ਪ੍ਰਤੀਨਿਧ ਪ੍ਰੀਤਮ ਰੁਪਾਲ ਨੇ ਕਿਹਾ ਕਿ ਦਰਸ਼ਨ ਮਿਤਵਾ ਨਿਪੁੰਨ ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਦੀ ਲੇਖਣੀ ਦੇ ਸਾਰੇ ਪੱਖ ਖੋਜ ਕਾਰਜਾਂ ਦੀ ਮੰਗ ਕਰਦੇ ਹਨ। ਉਨ੍ਹਾਂ ਤਿੰਨ ਨਾਟਕ ਲਿਖ ਕੇ ਆਪਣੀ ਨਾਟਕ ਕਲਾ ਦਾ ਸਿੱਕਾ ਮਨਵਾਇਆ।
ਕਥਾਕਾਰ ਦਰਸ਼ਨ ਜੋਗਾ ਨੇ ਕਿਹਾ ਕਿ ਉਹ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਲਿਖਦੇ ਸਨ ਅਤੇ ਉਹ ਦੋਵੇਂ ਭਾਸ਼ਾਵਾਂ ਦੇ ਪ੍ਰਪੱਕ ਗਿਆਤਾ ਸਨ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਅਦਾਕਾਰਾ ਮਨਜੀਤ ਔਲਖ ਨੇ ਕਿਹਾ ਕਿ ਮਿਤਵਾ ਮਾਨਸਾ ਦੇ ਮੋਢੀ ਪੱਤਰਕਾਰਾਂ ਵਿਚੋਂ ਸਨ ਅਤੇ ਉਨ੍ਹਾਂ ਦੇ ਸਾਰੇ ਸਿਰਜਣਾਤਮਕ ਪੱਖ ਗੌਲਣਯੋਗ ਹਨ। ਬੂਟਾ ਸਿੰਘ ਚੌਹਾਨ ਨੇ ਮਿਤਵਾ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਕਹਾਣੀ ਕਲਾ ਅਤੇ ਉਨ੍ਹਾਂ ਦੇ ਤਖੱਲੁਸ ਮਿਤਵਾ ਰੱਖਣ ਦੇ ਪਿੱਛੋਕੜ ਬਾਰੇ ਦੱਸਿਆ। ਕਹਾਣੀਕਾਰ ਨਿਰੰਜਨ ਬੋਹਾ ਨੇ ਉਨ੍ਹਾਂ ਦੇ ਕਥਾ ਸੰਸਾਰ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਬਲਮ ਲੀਂਬਾ, ਸੰਦੀਪ ਘੰਡ, ਹਰਦੀਪ ਸਿੰਘ ਸਿੱਧੂ, ਪ੍ਰੋ. ਹਰਜੀਤ ਸਿੰਘ, ਸੰਜੀਵ ਮਿਤਵਾ, ਪ੍ਰੋ. ਹਰਮੇਲ ਸਿੰਘ ਤੇ ਪ੍ਰੋ. ਕੁਲਬੀਰ ਚੌਹਾਨ ਹਾਜ਼ਰ ਸਨ।
