ਜੋਗਿੰਦਰਾ ਸਕੂਲ ਦੇ ਖਿਡਾਰੀਆਂ ਦੀ ਕੌਮੀ ਖੇਡਾਂ ਲਈ ਚੋਣ
ਸੀਆਈਐੱਸਈ ਨੈਸ਼ਨਲ ਅਥਲੈਟਿਕਸ ਵੱਲੋਂ ਬੰਗਲੌਰ ਵਿੱਚ ਕਰਵਾਈਆਂ ਗਈਆਂ ਖੇਡਾਂ ਵਿੱਚ ਜੋਗਿੰਦਰਾ ਕਾਨਵੈਂਟ ਸਕੂਲ, ਬੱਧਨੀ ਗੁਲਾਬ ਸਿੰਘ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਰਗ ਵਿੱਚ ਰਮਦੀਪ ਸਿੰਘ ਨੇ 400 ਮੀਟਰ ਦੌੜ ਅਤੇ 400 ਮੀਟਰ ਹਰਡਲਜ਼ ਦੋਹਾਂ ਪ੍ਰਤੀਯੋਗਿਤਾਵਾਂ ਵਿੱਚ ਸੋਨੇ ਦੇ ਤਗਮੇ ਜਿੱਤੇ। ਉਹ ਲਗਾਤਾਰ ਤੀਜੇ ਸਾਲ ਸੀਆਈਐੱਸਈ ਦੀ ਟੀਮ ਦੀ ਨੁਮਾਇੰਦਗੀ ਕਰੇਗਾ। ਮਨਵੀਰ ਕੌਰ ਨੇ ਅੰਡਰ-19 ਵਰਗ ਵਿੱਚ 400 ਮੀਟਰ ਹਰਡਲਜ਼ ਵਿੱਚ ਚਾਂਦੀ ਦਾ ਤਗਮਾ ਅਤੇ 100 ਮੀਟਰ ਹਰਡਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਜੋਹਾ ਖ਼ਾਨ ਨੇ ਵੀ ਅੰਡਰ-17 ਵਰਗ ਵਿੱਚ ਰਾਸ਼ਟਰੀ ਫੁਟਬਾਲ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਤਿੰਨੇ ਹੀ ਖਿਡਾਰੀ ਐੱਸਜੀਐੱਫਆਈ ਨੈਸ਼ਨਲ ਗੇਮਜ਼-2025 ਲਈ ਚੁਣੇ ਗਏ ਹਨ। ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਇਹ ਨਾ ਸਿਰਫ਼ ਸਕੂਲ ਲਈ ਸਗੋਂ ਪੂਰੇ ਖੇਤਰ ਲਈ ਵੱਡੇ ਮਾਣ ਦੀ ਗੱਲ ਹੈ। ਅਜਿਹੀਆਂ ਇਤਿਹਾਸਕ ਉਪਲਬਧੀਆਂ ਨਿੱਕੇ-ਨਿੱਕੇ ਖਿਡਾਰੀਆਂ ਦੇ ਮਨਾਂ ਵਿੱਚ ਵੀ ਵੱਡੇ ਸੁਪਨੇ ਜਗਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ, ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ।