ਚੌਟਾਲਾ ’ਚ ਟੁੱਟੀਆਂ ਸੜਕਾਂ ਤੋਂ ਖਫ਼ਾ ਲੋਕਾਂ ਵੱਲੋਂ ਐੱਸਡੀਓ ਤੇ ਜੇਈ ਦਾ ਘਿਰਾਓ
ਪਿੰਡ ਚੌਟਾਲਾ ਦੀਆਂ ਟੁੱਟੀਆਂ ਸੜਕਾਂ ਤੋਂ ਖਫ਼ਾ ਲੋਕਾਂ ਨੇ ਅੱਜ ਪੀਡਬਲਿਊਡੀ (ਬੀਐਂਡਆਰ) ਖ਼ਿਲਾਫ਼ ਸਮੁੱਚੇ ਬਾਜ਼ਾਰ ਬੰਦ ਰੱਖ ਕੇ ਧਰਨਾ ਦਿੱਤਾ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਵਿਭਾਗ ਦੇ ਐੱਸਡੀਓ ਪਰਮਜੀਤ ਸਿੰਘ ਭੁੱਲਰ ਅਤੇ ਜੇਈ ਹਰਪਾਲ ਸਿੰਘ ਨੂੰ ਪ੍ਰਦਰਸ਼ਨਕਾਰੀਆਂ ਨੇ ਬੰਦੀ ਬਣਾ ਲਿਆ। ਉਨ੍ਹਾਂ ਦੀ ਸਰਕਾਰੀ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਕੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਐੱਸਈ ਸਿਰਸਾ ਅਤੇ ਐੱਸਡੀਐੱਮ ਡੱਬਵਾਲੀ ਮੌਕੇ ’ਤੇ ਨਹੀਂ ਆਉਂਦੇ, ਉਨ੍ਹਾਂ ਨੂੰ ਨਹੀਂ ਛੱਡਿਆ ਜਾਵੇਗਾ।
ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਫਾਗੋੜੀਆ ਅਤੇ ਕੁੰਵਰਵੀਰ ਹਿੱਟਲਰ ਨੇ ਦੱਸਿਆ ਕਿ 16 ਜੁਲਾਈ ਨੂੰ ਲਾਏ ਧਰਨੇ ਦੌਰਾਨ ਐੱਸਡੀਓ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਕੰਮ ਸ਼ੁਰੂ ਹੋਣ ਤੱਕ ਸੜਕਾਂ ਨੂੰ ਤੁਰਨ-ਫਿਰਨ ਦੇ ਲਾਇਕ ਬਣਾ ਕੇ ਰੱਖਿਆ ਜਾਵੇਗਾ ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ। ਸਗੋਂ ਹੁਣ ਮੀਂਹ ਪੈਣ ਨਾਲ ਪਿੰਡ ਦੀਆਂ ਗਲੀਆਂ ’ਚ ਚਿਕੜ ਅਤੇ ਦਲਦਲ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਜਨ ਸਿਹਤ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਪਾਣੀ ਤੇ ਸੀਵਰੇਜ ਲਾਈਨਾਂ ਵਿਛਾਉਣ ਲਈ ਪਿੰਡ ਦੀਆਂ ਗਲੀਆਂ ਪੁੱਟੀਆਂ ਗਈਆਂ ਸਨ ਤੇ ਬੀ ਐਂਡ ਆਰ ਵੱਲੋਂ ਉਸ ਦੇ ਅਧੀਨ ਮੁੱਖ ਸੜਕਾਂ ਨੂੰ ਨਵੇਂ ਸਿਰਿਓਂ ਨਹੀਂ ਬਣਾਇਆ ਗਿਆ। ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਪਗ 4.5 ਕਰੋੜ ਰੁਪਏ ਸੜਕਾਂ ਦੇ ਨਿਰਮਾਣ ਲਈ ਬੀ ਐਂਡ ਆਰ ਵਿਭਾਗ ਨੂੰ ਦਿੱਤੇ ਜਾ ਚੁੱਕੇ ਹਨ।
ਐੱਸਡੀਓ ਪਰਮਜੀਤ ਭੁੱਲਰ ਨੇ ਕਿਹਾ ਕਿ ਚੌਟਾਲਾ ਦੀਆਂ ਸੜਕਾਂ ਲਈ ਐਸਟੀਮੇਟ ਮੁੱਖ ਦਫ਼ਤਰ ਭੇਜਿਆ ਜਾ ਚੁੱਕਾ ਹੈ ਅਤੇ ਕਾਰਜਕਾਰੀ ਇੰਜਨੀਅਰ ਅੱਜ ਇਸੇ ਕਾਰਜ ਲਈ ਚੰਡੀਗੜ੍ਹ ਗਏ ਹਨ।
ਐੱਸਡੀਐੱਮ ਦੇ ਭਰੋਸੇ ਮਗਰੋਂ ਛੱਡੇ ਅਧਿਕਾਰੀ
ਇਥੇ ਅਧਿਕਾਰੀਆਂ ਦੇ ਕਰੀਬ 3 ਘੰਟੇ ਤੱਕ ਬੰਦੀ ਰਹਿਣ ਤੋਂ ਬਾਅਦ, ਐੱਸਈ ਸਿਰਸਾ ਅਤੇ ਐੱਸਡੀਐੱਮ ਡੱਬਵਾਲੀ ਵੱਲੋਂ ਫੋਨ 'ਤੇ ਭਰੋਸਾ ਦਿੱਤਾ ਗਿਆ ਕਿ ਮਾਮਲੇ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਐੱਸਡੀਓ ਨੇ ਦੁਬਾਰਾ ਲਿਖਤੀ ਭਰੋਸਾ ਦਿੱਤਾ ਕਿ ਨਵਾਂ ਕੰਮ ਸ਼ੁਰੂ ਹੋਣ ਤੱਕ ਮੌਜੂਦਾ ਸੜਕਾਂ ਦੀ ਸੰਭਾਲ ਕੀਤੀ ਜਾਵੇਗੀ। ਉਪਰੰਤ ਧਰਨਾ ਖਤਮ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ। ਐੱਸਡੀਐੱਮ ਅਰਪਿਤ ਸੰਗਲ ਨੇ ਕਿਹਾ ਕਿ ਸੜਕ ਲਈ ਅੱਜ ਡੀਐੱਨਆਈਟੀ ਮਨਜ਼ੂਰ ਹੋ ਗਈ ਹੈ ਤੇ ਹੁਣ ਟੈਂਡਰ ਹੋਵੇਗਾ।