ਯੂਨੀਵਰਸਿਟੀ ਬਚਾਓ: ਮਜ਼ਦੂਰ ਮੋਰਚਾ ਨੇ ਸੰਘਰਸ਼ ਦੀ ਹਮਾਇਤ ਕੀਤੀ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਆਖਿਆ ਕਿ ਸਿੱਖਿਆ, ਰੁਜ਼ਗਾਰ ਅਤੇ ਸੰਵਿਧਾਨ ਨੂੰ ਖ਼ਤਮ ਕਰਨ ਵਰਗੀਆਂ ਮਾਰੂ ਨੀਤੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਭਾਜਪਾ ਪੰਜਾਬ ’ਚ ਐੱਸ ਸੀ ਸਮਾਜ ਵਿੱਚ ਜਾਤੀ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਥੇ ਟੀਚਰਜ਼ ਹੋਮ ਵਿੱਚ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਮਾਓਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰ ਵਿਰੋਧੀ ਨਵਾਂ ਕਿਰਤ ਕਾਨੂੰਨ ਲਾਗੂ ਕਰਕੇ ਕਾਰਪੋਰੇਟਾਂ ਦੀਆਂ ਕੰਪਨੀਆਂ ਦੀ ਕਠਪੁਤਲੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੋਹ ਕੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਉਣ ਲਈ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵੱਲੋਂ ਮਜ਼ਦੂਰਾਂ ਦਾਂ ਇੱਕ ਜਥਾ 24 ਦਸੰਬਰ ਨੂੰ ਵਿਦਿਆਰਥੀਆਂ ਦੇ ਚੰਡੀਗੜ੍ਹ ਵਿਚਲੇ ਧਰਨੇ ਵਿੱਚ ਸ਼ਾਮਲ ਹੋਵੇਗਾ।
ਸ੍ਰੀ ਸਮਾਓਂ ਨੇ ਕਿਹਾ ਕਿ ਭਾਜਪਾ ਅਤੇ ‘ਆਪ’ ਪੰਜਾਬੀਆਂ ਕੋਲੋਂ ਪੰਜਾਬ ਯੂਨੀਵਰਸਿਟੀ ਅਤੇ ਮਜ਼ਦੂਰਾਂ ਤੋਂ ਮਗਨਰੇਗਾ ਰੁਜ਼ਗਾਰ ਖੋਹਣ ਦੀਆਂ ਨੀਤੀਆਂ ’ਤੇ ਇੱਕਮਤ ਹਨ, ਇਸ ਲਈ ਪੰਜਾਬੀਆਂ ਦਾ ਸਿੱਖਿਆ, ਰੁਜ਼ਗਾਰ ਅਤੇ ਆਪਣੀ ਆਜ਼ਾਦੀ ਦੀ ਰਾਖੀ ਲਈ ਜਥੇਬੰਦ ਹੋਣਾ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਗਨਰੇਗਾ ਕਾਨੂੰਨ ਵਿੱਚ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਅਤੇ ਸੱਤਾਧਾਰੀ ਲੀਡਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਮੋਦੀ ਅਤੇ ਭਗਵੰਤ ਮਾਨ ਨੇ ਮਗਨਰੇਗਾ ਦੇ ਕੰਮ ਬੰਦ ਕਰਕੇ ਲੱਖਾਂ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਨਾ ਕੀਤਾ ਗਿਆ, ਤਾਂ ਮਜ਼ਦੂਰ ਮੁਕਤੀ ਮੋਰਚਾ ਭਾਜਪਾ ਅਤੇ ‘ਆਪ’ ਖ਼ਿਲਾਫ਼ ਤਿੱਖਾ ਅੰਦੋਲਨ ਚਲਾਏਗਾ। ਉਨ੍ਹਾਂ ਆਗੂਆਂ ਨੂੰ ਪਿੰਡਾਂ ਅੰਦਰ ਜਾਕੇ ਮਜ਼ਦੂਰ ਸਮਾਜ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਲਾਮਬੰਦ ਕਰਨ ਦਾਂ ਸੱਦਾਂ ਦਿੱਤਾ।
ਜਸਵੰਤ ਸਿੰਘ ਪੂਹਲੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ਵਿੱਚ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਨਾਇਬ ਸਿੰਘ ਬਠਿੰਡਾ, ਪੱਪੀ ਸਿੰਘ ਕਲਿਆਣ, ਗੁਰਜੰਟ ਸਿੰਘ ਘੁੰਮਣ ਅਤੇ ਨਿੱਕਾ ਸਿੰਘ ਨਥਾਣਾ ਨੇ ਵੀ ਆਪਣੇ ਵਿਚਾਰ ਰੱਖੇ।
