ਸਰਬਜੀਤ ਕੌਰ ਬਰਾੜ ਦਾ ਗਜ਼ਲ ਸੰਗ੍ਰਹਿ ‘ਤੂੰ ਆਵੀਂ’ ਲੋਕ ਅਰਪਣ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਸਰਬ ਕਲਾ ਭਰਪੂਰ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਬਰਾੜ ਦਾ ਪਲੇਠਾ ਗਜ਼ਲ ਕਾਵਿ ਸੰਗ੍ਰਹਿ ‘ਤੂੰ ਆਵੀਂ’ ਲੋਕ ਅਰਪਣ ਕੀਤਾ ਗਿਆ।
ਮੁੱਖ ਬੁਲਾਰੇ ਪ੍ਰੋ. ਨਿੰਦਰ ਘੁਗਿਆਣਵੀ ਨੇ ‘ਤੂੰ ਆਵੀਂ’ ਦੇ ਹਵਾਲੇ ਨਾਲ ਡਾ. ਸਰਬਜੀਤ ਕੌਰ ਬਰਾੜ ਨੂੰ ਹਿੰਮਤ, ਸਿਰੜ, ਸੰਜੀਦਗੀ ਅਤੇ ਸਿੱਦਕ ਨਾਲ ਲਿਖਦੇ ਰਹਿਣ ਲਈ ਆਸ਼ੀਰਵਾਦ ਦਿੱਤਾ।
ਮੁੱਖ ਮਹਿਮਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ (ਰਿਟਾ) ਮਹਿਤਾਬ ਸਿੰਘ ਗਿੱਲ ਨੇ ਕਿਹਾ ਕਿ ਕਵੀ ਬਹੁਤ ਹੀ ਡੂੰਘੇ ਵਿਚਾਰਾਂ ਵਾਲੇ ਹੁੰਦੇ ਅਤੇ ਉਨ੍ਹਾਂ ਦੇ ਖ਼ਿਆਲ ਦਿਲੋਂ ਨਿਕਲਦੇ ਹਨ ਅਤੇ ਅੱਖਰਾਂ ਵਿੱਚ ਤਬਦੀਲ ਹੋ ਕੇ ਸਮਾਜ ਨੂੰ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ।
ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਿਤਾਬ ਹਰ ਬੰਦੇ ਨੂੰ ਪੜ੍ਹਨੀ ਚਾਹੀਦੀ ਹੈ।
ਕਹਾਣੀਕਾਰ ਜਸਵੀਰ ਰਾਣਾ ਨੇ ਕਿਹਾ ਕਿ ‘ਤੂੰ ਆਵੀਂ ਕਿਤਾਬ ਹੀ ਨਹੀਂ ਸਗੋਂ ਸੰਪੂਰਨ ਥੈਰੇਪੀ ਹੈ ਜੋ ਮਾਨਸਿਕ ਤੌਰ ਉੱਤੇ ਪਾਠਕਾਂ ਨੂੰ ਮਜ਼ਬੂਤ ਬਣਾਏਗੀ ਅਤੇ ਬਿਮਾਰੀਆਂ ਦਾ ਇਲਾਜ ਕਰੇਗੀ। ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਡਾ. ਸਰਬਜੀਤ ਨੂੰ ਵਧਾਈ ਦਿੱਤੀ। ਲੇਖਕ ਤੇ ਸਾਹਿਤਕਾਰ ਕੇ ਐੱਲ ਗਰਗ ਨੇ ਕਿਹਾ ਕਿ ਮੋਗਾ ਨੂੰ ਉਭਰਦੀ ਗਜ਼ਲਗੋ ਮਿਲ ਚੁੱਕੀ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ।
ਡਾ. ਸੁਰਜੀਤ ਬਰਾੜ ਅਤੇ ਸਾਬਕਾ ਡੀ ਪੀ ਆਰ ਓ ਗਿਆਨ ਸਿੰਘ ਨੇ ਕਿਹਾ ਕਿ ਇਹ ਕਿਤਾਬ ਪਾਠਕਾਂ ਵਿੱਚ ਗਿਆਨ ਦੀ ਚਿਣਗ ਪੈਦਾ ਕਰੇਗੀ।
ਗੀਤਕਾਰ ਅਤੇ ਗਾਇਕ ਬਲਧੀਰ ਮਾਹਲਾ, ਕੈਪਟਨ ਜਸਵੰਤ ਸਿੰਘ ਪੰਡੋਰੀ ਅਧਿਆਪਕ ਗੁਰਕਮਲ ਸਿੰਘ ਨੇ ਗੀਤਾਂ ਨੂੰ ਬਹੁਤ ਹੀ ਮਧੁਰ ਸੰਗੀਤ ਵਿੱਚ ਗਾਇਨ ਕਰਕੇ ਵਾਹ-ਵਾਹ ਖੱਟੀ। ਲੇਖਕ ਸਤਕਾਰ ਸਿੰਘ ਨੇ ਕਵਿਤਾ ਨਾਲ ਹਾਜ਼ਰੀ ਲਗਵਾ ਕੇ ਸਰੋਤਿਆਂ ਦਾ ਦਿਲ ਜਿੱਤਿਆ। ਡਾ. ਸਰਬਜੀਤ ਕੌਰ ਬਰਾੜ ਨੇ ਸਮਾਗਮ ਵਿੱਚ ਪਹੁੰਚਣ ਲਈ ਪਾਠਕਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੰਗੀਰ ਸਿੰਘ ਖੋਖਰ, ਪਰਮਿੰਦਰ ਕੌਰ ਅਤੇ ਗੁਰਬਿੰਦਰ ਕੌਰ ਗਿੱਲ, ਇੰਸਪੈਕਟਰ ਕੁਲਵਿੰਦਰ ਕੌਰ ਤੇ ਹੋਰ ਹਾਜ਼ਰ ਸਨ।
