ਸਫ਼ਾਈ ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
ਪੰਜਾਬ ਸਫ਼ਾਈ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਤਲਵੰਡੀ ਭਾਈ ਅਤੇ ਕਸਬਾ ਮੁੱਦਕੀ ਦੇ ਸਫ਼ਾਈ ਕਾਮੇ ਅੱਜ ਦੂਜੇ ਦਿਨ ਵੀ ਹੜਤਾਲ 'ਤੇ ਰਹੇ। ਤਲਵੰਡੀ ਭਾਈ ਦਫ਼ਤਰ ਨਗਰ ਕੌਂਸਲ ਵਿੱਚ ਸਫ਼ਾਈ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਤੇ ਦਫ਼ਤਰ ਨਗਰ ਪੰਚਾਇਤ ਮੁੱਦਕੀ ਵਿੱਚ ਦੀਪਕ ਕੁਮਾਰ ਦੀ ਅਗਵਾਈ ਵਿੱਚ ਸਫ਼ਾਈ ਕਾਮਿਆਂ ਨੇ ਧਰਨਾ ਦਿੱਤਾ। ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਪੰਜਾਬ ਭਰ ਦੇ ਸਫ਼ਾਈ ਕਾਮੇ 29 ਸਤੰਬਰ ਤੋਂ ਦੋ ਦਿਨ ਦੀ ਹੜਤਾਲ 'ਤੇ ਹਨ। ਹੜਤਾਲ ਦੇ ਚਲਦੇ ਸ਼ਹਿਰਾਂ ਅੰਦਰ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਹੜਤਾਲ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ।
ਧਰਨਿਆਂ ਨੂੰ ਸੰਬੋਧਨ ਕਰਦਿਆਂ ਰਮੇਸ਼ ਕੁਮਾਰ ਤੇ ਦੀਪਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਵਿਰੋਧੀ ਨੀਤੀ 'ਤੇ ਚਲਦਿਆਂ ਸਫ਼ਾਈ ਸੇਵਾਵਾਂ ਨਿੱਜੀ ਕੰਪਨੀ ਦੇ ਹਵਾਲੇ ਕਰਨ ਜਾ ਰਹੀ ਹੈ। ਨਿੱਜੀਕਰਨ ਮਜ਼ਦੂਰਾਂ ਦੀ ਤਬਾਹੀ ਹੈ। ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਸਫ਼ਾਈ ਕਾਮੇ ਪੱਕੇ ਕੀਤੇ ਜਾਣ। ਘੱਟੋ-ਘੱਟ ਤਨਖ਼ਾਹ ਅਤੇ ਹੋਰ ਮਜ਼ਦੂਰੀ ਹੱਕ ਲਾਗੂ ਕੀਤੇ ਜਾਣ। ਇਹ ਲੜਾਈ ਸਿਰਫ਼ ਰੋਜ਼ੀ-ਰੋਟੀ ਦੀ ਨਹੀਂ ਬਲਕਿ ਸਨਮਾਨ ਅਤੇ ਹੱਕ ਦੀ ਵੀ ਹੈ। ਇਸ ਮੌਕੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ।