ਸਫ਼ਾਈ ਕਾਮਿਆਂ ਨੇ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ
ਨਗਰ ਕੌਂਸਲ ਧਨੌਲਾ ਦੇ ਸਮੂਹ ਸਫਾਈ ਅਤੇ ਸੀਵਰਮੈਨ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦਫਤਰ ਦੇ ਅੱਗੇ ਧਰਨਾ ਦਿੱਤਾ। ਮੁਲਜ਼ਮਾਂ ਨੇ ਸਰਕਾਰ, ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜਥੇਬੰਦੀ ਦੇ ਆਗੂਆਂ ਵਿਜੇ ਕੁਮਾਰ, ਅਜੇ ਕੁਮਾਰ, ਸੋਨੂੰ, ਗੁਰਮੀਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਿਛਲੇ ਦੋ ਸਾਲਾਂ ਤੋਂ ਸਾਡਾ ਈਪੀਐੱਫ ਫੰਡ ਨਹੀਂ ਜਮ੍ਹਾਂ ਕਰਵਾਇਆ ਜਾ ਰਿਹਾ। ਇਸ ਸਬੰਧੀ ਕਈ ਵਾਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਧਿਕਾਰੀ ਨੂੰ ਮਿਲਕੇ ਮਸਲਾ ਹੱਲ ਕਰਨ ਦੀ ਬੇਨਤੀ ਕੀਤੀ ਗਈ ਹੈ ਪਰ ਹਰ ਵਾਰ ਲਾਰੇ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਦਫ਼ਤਰ ਮੂਹਰੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕੋਈ ਵੀ ਸਫ਼ਾਈ ਸੇਵਕ ਅਤੇ ਨਾ ਹੀ ਸੀਵਰਮੈਨ ਕੰਮ ਕਰੇਗਾ। ਹੜਤਾਲ ’ਚ ਬੀਰੂ ਰਾਮ, ਨਰੇਸ਼ ਕੁਮਾਰ, ਗੁਰਦੀਪ ਸਿੰਘ, ਵੀਰੂ ਰਾਮ, ਸਤਨਾਮ ਸਿੰਘ, ਕਰਮਜੀਤ ਸਿੰਘ, ਲੀਲਾ ਰਾਮ, ਕਮਲ ਕੌਰ, ਇੰਦਰਾ ਦੇਵੀ, ਭੋਲਾ ਸਿੰਘ, ਅਮਰਜੀਤ ਸਿੰਘ ਤੇ ਸ਼ਿੰਦਰਪਾਲ ਆਦਿ ਮੌਜੂਦ ਸਨ।
ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਨੇ ਕਿਹਾ ਕਿ ਫੰਡਾਂ ਦੀ ਕਮੀ ਕਾਰਨ ਈ ਪੀ ਐੱਫ ਜਮ੍ਹਾਂ ਨਹੀਂ ਹੋ ਸਕਿਆ।
