ਸੰਗਤ ਮੰਡੀ ਮੀਂਹ ਦੇ ਪਾਣੀ ਨਾਲ ਮੁੜ ਜਲ-ਥਲ
ਅੱਜ ਦੁਪਹਿਰ ਤੋਂ ਬਾਅਦ ਪਏ ਭਾਰੀ ਮੀਂਹ ਦੇ ਪਾਣੀ ਨਾਲ ਸੰਗਤ ਮੰਡੀ ਮੁੜ ਜਲ-ਥਲ ਹੋ ਗਈ ਅਤੇ ਮੇਨ ਬਾਜ਼ਾਰ ਵਿੱਚ ਪਾਣੀ ਭਰ ਗਿਆ। ਪਿਛਲੇ ਲੰਬੇ ਸਮੇਂ ਤੋਂ ਸੰਗਤ ਮੰਡੀ ਵਾਸੀਆਂ ਲਈ ਨਿਕਾਸੀ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਵੀ ਪੱਕਾ ਹੱਲ ਨਜ਼ਰ ਨਹੀਂ ਆ ਰਿਹਾ। ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਲਗਾਤਾਰ ਇਸ ਸਮੱਸਿਆ ਦੇ ਹੱਲ ਲਈ ਜੀਅ-ਤੋੜ ਯਤਨਾ ’ਚ ਲੱਗੇ ਹੋਏ ਹਨ ਅਤੇ ਆਪਣੇ ਪੱਲਿਓ ਪੈਸੇ ਖ਼ਰਚ ਕੇ ਵੀ ਸੰਗਤ ਮੰਡੀ ਦੇ ਦੁਕਾਨਦਾਰਾਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਖ਼ੁਦ ਮਜ਼ਦੂਰਾਂ ਦੇ ਕੋਲ ਖ਼ੜ੍ਹਕੇ ਕੰਮ ਕਰਾਉਂਦੇ ਦੇਖੇ ਜਾ ਸਕਦੇ ਹਨ ਪ੍ਰੰਤੂ ਕੁੱਝ ਸਥਾਨਕ ਰਾਜਨੀਤਕ ਆਗੂ ਉਨ੍ਹਾਂ ਲਈ ਪ੍ਰੇਸ਼ਾਨੀਆਂ ਪੈਦਾ ਕਰਨ ਦੀ ਹਮੇਸ਼ਾ ਤਾਕ ’ਚ ਰਹਿੰਦੇ ਹਨ। ਪਿਛਲੇ ਦਿਨੀਂ ਹੀ ਪ੍ਰਧਾਨ ਗੋਲਡੀ ਵੱਲੋਂ ਮੁੱਖ ਬਾਜ਼ਾਰ ’ਚ ਖੜ੍ਹਾ ਸਾਰਾ ਗੰਦਾ ਪਾਣੀ ਫੀਟਰ ਇੰਜਣਾਂ ਦੀ ਮਦਦ ਨਾਲ ਬਾਹਰ ਕੱਢਵਾ ਕੇ ਸੁਕਾ ਦਿੱਤਾ ਸੀ ਅਤੇ ਸੜਕ ਤੇ ਪਈ ਗਾਰ ਵੀ ਚੁੱਕਵਾ ਕੇ ਸਾਫ਼ ਸਫ਼ਾਈ ਕਰਵਾਈ ਸੀ, ਪ੍ਰੰਤੂ ਦੁਬਾਰਾ ਪਏ ਮੀਂਹ ਦੇ ਪਾਣੀ ਨਾਲ ਬਾਜ਼ਾਰ ਮੁੜ ਨੱਕੋ ਨੱਕ ਭਰ ਗਏ ਹਨ। ਜਿਸ ਕਾਰਨ ਰਾਹਗੀਰਾਂ ਅਤੇ ਪੈਦਲ ਯਾਤਰੀਆਂ ਨੂੰ ਬੱਸ ਅੱਡੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਪਾਣੀ ਵਿੱਚੋਂ ਹੋ ਕੇ ਗੁਜ਼ਰਨਾ ਪੈ ਰਿਹਾ ਹੈ।