ਕੋਟਕਪੂਰਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਧਵਾਂ ਸਖ਼ਤ
ਸ਼ਹਿਰ ਦੀ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ, ਸੜਕੀ ਦੁਰਘਟਨਾਵਾਂ ਘਟਾਉਣ, ਪੁਲਾਂ ਦੀ ਮੁਰੰਮਤ ਅਤੇ ਸੀਵਰੇਜ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮਿਉਂਸਿਪਲ ਪਾਰਕ ਦੀ ਲਾਇਬਰੇਰੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਮੱਸਿਆਵਾਂ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਪੂਨਮਦੀਪ ਕੌਰ, ਏ ਡੀ ਸੀ ਹਰਜੋਤ ਕੌਰ ਅਤੇ ਐੱਸ ਡੀ ਐੱਮ ਕੋਟਕਪੂਰਾ ਸੂਰਜ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ੍ਰੀ ਸੰਧਵਾਂ ਨੇ ਮੀਟਿੰਗ ਵਿੱਚ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਰੋਡ ’ਤੇ ਬਣੇ ਰੇਲਵੇ ਪੁਲਾਂ ’ਤੇ ਲਗਾਤਾਰ ਵਾਪਰ ਰਹੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਲੋੜੀਂਦੀ ਮੁਰੰਮਤ, ਰੌਸ਼ਨੀ ਦਾ ਪ੍ਰਬੰਧ ਕਰਨ ਅਤੇ ਪੁਲਾਂ ’ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਬੱਤੀਆਂ ਵਾਲੇ ਚੌਕ ਤੋਂ ਮੁਕਤਸਰ ਸਾਹਿਬ ਰੋਡ, ਮੋਗਾ ਰੋਡ ਅਤੇ ਬਠਿੰਡਾ ਰੋਡ ਤਿੰਨਕੋਣੀ ਤੱਕ ਟ੍ਰੈਫਿਕ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ ਇਸ ਕਰਕੇ ਇਨ੍ਹਾਂ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਵਾਇਆ ਜਾਵੇ। ਉਨ੍ਹਾਂ ਪੁਲੀਸ, ਨਗਰ ਕੌਂਸਲ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਾਜਾਇਜ਼ ਪਾਰਕਿੰਗ, ਓਵਰ ਸਪੀਡ ਅਤੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਸਖ਼ਤੀ ਨਾਲ ਲੈਣ ਤਾਂ ਕਿ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਸਪੀਕਰ ਸੰਧਵਾਂ ਨੇ ਤਹਿਸੀਲ ਕੰਪਲੈਕਸ, ਬੱਸ ਸਟੈਂਡ ਨੂੰ ਸ਼ਹਿਰ ’ਚੋਂ ਬਾਹਰ ਕੱਢਣ ਅਤੇ ਹੋਰ ਦਫ਼ਤਰਾਂ ਦੀ ਉਸਾਰੀ ਲਈ ਢੁਕਵੀਂ ਥਾਂ ਦੀ ਜਲਦ ਚੋਣ ਕਰਨ ਦੀ ਹਦਾਇਤ ਕੀਤੀ। ਡੀ ਸੀ ਨੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
