ਵਿਧਾਨ ਸਭਾ ਦੇ ‘ਮੌਕ ਸੈਸ਼ਨ’ ਦੀਆਂ ਤਿਆਰੀਆਂ ਸ਼ੁਰੂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਸਕੂਲੀ ਵਿਦਿਆਰਥੀਆਂ ਵੱਲੋਂ ਚਲਾਉਣ ਦੇ ਕਰਵਾਏ ਜਾ ਰਹੇ ‘ਮੌਕ ਸੈਸ਼ਨ’ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਉਨ੍ਹਾਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰਾਜਨੀਤੀ ਸਬੰਧੀ ਸਿਖਲਾਈ ਦੇਣ ਲਈ ਵੀ ਸਰਕਾਰ ਅਹਿਮ ਉਪਰਾਲਾ ਕਰ ਰਹੀ ਹੈ, ਜਿਸ ਰਾਹੀਂ ਬੱਚਿਆਂ ਨੂੰ ਵਿਧਾਨ ਸਭਾ ਵਿੱਚ ਰਾਜਨੀਤੀ ਕਿਵੇਂ ਚੱਲਦੀ ਹੈ, ਇਥੇ ਕਾਨੂੰਨ ਕਿਵੇਂ ਬਣਦੇ ਹਨ, ਬਜਟ ਕਿੱਥੋਂ ਆਉਂਦਾ ਹੈ ਅਤੇ ਇਸ ਨੂੰ ਪਾਸ ਕਿਵੇਂ ਕੀਤਾ ਜਾਂਦਾ, ਬਾਰੇ ਜਾਗਰੂਕ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਇਕ ਬੱਚੇ ਦੀ ਚੋਣ ਕਰ ਕੇ ਵਿਧਾਨ ਸਭਾ ਦਾ ਮੌਕ ਸੈਸ਼ਨ ਕਰਵਾਇਆ ਜਾਵੇਗਾ। ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਰਾਜਨੀਤੀ ਦੀ ਸਹੀ ਸਮਝ ਹੋਵੇਗੀ ਤਾਂ ਹੀ ਉਹ ਅੱਗੇ ਚੱਲ ਕੇ ਆਪਣੇ ਲਈ ਸਹੀ ਨੁਮਾਇੰਦਿਆਂ ਦੀ ਚੋਣ ਕਰ ਸਕਦੇ ਹਨ। ਸਪੀਕਰ ਸੰਧਵਾਂ ਨੇ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਆਪਣੇ ਆਪਣੇ ਜ਼ਿਲ੍ਹਿਆਂ ਵਿਚੋਂ ਚੰਗੇ ਨੇਤਾ ਬਣ ਸਕਣ ਦੇ ਗੁਣਾਂ ਵਾਲੇ ਵਿਦਿਆਰਥੀਆਂ ਦੀ ਇਸ ਮੌਕ ਸ਼ੈਸ਼ਨ ਲਈ ਚੋਣ ਕਰਨ ਤਾਂ ਕਿ ਵਿਧਾਨ ਸਭਾ ਦਾ ਵਿਦਿਆਰਥੀ ਸ਼ੈਸ਼ਨ ਇੱਕ ਮਿਸਾਲੀ ਅਤੇ ਯਾਦਗਾਰੀ ਬਣ ਜਾਵੇ। ਉਨ੍ਹਾ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿ ਸਿੱਖਿਆ ਸਬੰਧੀ ਸਰਕਾਰੀ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ। ਇਸ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅੰਜਨਾ ਕੌਂਸਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਵਨ ਕੁਮਾਰ ਵੀ ਮੌਜੂਦ ਸਨ।
