ਖੇਡ ਮੈਦਾਨਾਂ ਦਾ 25 ਕਰੋੜੀ ਪ੍ਰਾਜੈਕਟ ਸ਼ੁਰੂ: ਮੀਤ ਹੇਅਰ
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਦਾਨਗੜ੍ਹ ਵਿੱਚ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਜਿਸ ਦੀ ਉਸਾਰੀ 5.76 ਲੱਖ ਰੁਪਏ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਦੇਣ ਲਈ ਲਗਾਤਾਰ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ’ਤੇ ਕੰਮ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਵਿੱਚ ਤਕਰੀਬਨ 25 ਕਰੋੜ ਰੁਪਏ ਦੇ ਖੇਡ ਮੈਦਾਨਾਂ ਦੇ ਪ੍ਰਾਜੈਕਟਾਂ ਦਾ ਆਰੰਭ ਕੀਤਾ ਗਿਆ ਹੈ। ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਲਈ 25 ਕਰੋੜ ਰੁਪਏ ਦੀ ਮਨਜ਼ੂਰੀ ਇਸ ਖੇਤਰ ਦੇ ਪਿੰਡਾਂ ਦੇ ਖੇਡ ਵਿਕਾਸ ਨੂੰ ਨਵਾਂ ਰੂਪ ਦੇਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਰਨਾਲਾ ਦੇ ਪੇਂਡੂ ਖੇਤਰਾਂ ਦੇ ਖੇਡ ਮੈਦਾਨਾਂ ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਸਨ। ਅੱਜ ਵੀ 26 ਪੰਚਾਇਤਾਂ ਨੂੰ ਤਕਰੀਬਨ 5.75 ਕਰੋੜ ਰੁਪਏ ਦੇ ਵੰਡ ਕੀਤੀ ਗਈ ਹੈ ਤਾਂ ਜੋ ਪਿੰਡਾਂ ਦੇ ਇਨ੍ਹਾਂ ਇਲਾਕਿਆਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਦਾਨਗੜ੍ਹ ਦੇ ਖੇਡ ਮੈਦਾਨ ਲਈ ਤਕਰੀਬਨ 45 ਲੱਖ ਰੁਪਏ ਦਿੱਤੇ ਗਏ ਹਨ, ਜਦਕਿ ਪਿੰਡ ਕੱਟੂ ਨੂੰ 40 ਲੱਖ ਅਤੇ ਧਨੌਲਾ ਖੁਰਦ ਨੂੰ 46 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਹੋਰ ਪਿੰਡਾਂ ਨੂੰ 25 ਲੱਖ ਤੋਂ 40 ਲੱਖ ਰੁਪਏ ਤੱਕ ਦੇ ਫੰਡ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਚਾਰ ਦਿਵਾਰੀ, ਬਾਥਰੂਮ, ਇੱਕ ਕਮਰਾ, ਟਰੈਕ, ਪਾਣੀ ਅਤੇ ਘਾਹ ਦਾ ਪ੍ਰਬੰਧ ਕੀਤਾ ਜਾਵੇਗਾ। ਜਿੱਥੇ ਲੋੜ ਹੋਵੇਗੀ, ਉੱਥੇ ਭਰਤ ਵੀ ਪਾਈ ਜਾਵੇਗੀ।
