ਖੇਡ ਸਟੇਡੀਅਮਾਂ ’ਤੇ ਖਰਚੇ ਜਾਣਗੇ 14 ਕਰੋੜ: ਮੀਤ ਹੇਅਰ
‘‘ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਦੀ ਜ਼ੀਰੋ ਟਾਲਰੈਂਸ ਨੀਤੀ ਦੇ ਹੁੰਦਿਆਂ ਜੇ ਕਿਸੇ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਪੰਜਾਬ ਸਰਕਾਰ ਨੂੰ ਸ਼ਿਕਾਇਤ ਕੀਤੀ ਹੁੰਦੀ ਤਾਂ ਸਰਕਾਰ ਨੇ ਤੁਰੰਤ ਕਾਰਵਾਈ ਕਰ ਦੇ ਦੇਣੀ ਸੀ।’’ ਇਹ ਪ੍ਰਗਟਾਵਾ ਸੰਗਰੂਰ ਹਲਕੇ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਨੇ ਤਰਸੇਮ ਚੰਦ ਭੋਲਾ ਸਾਬਕਾ ਕੌਂਸਲਰ ਦੇ ਨਿਵਾਸ ਸਥਾਨ ਤੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਪੰਜਾਬ ਸਰਕਾਰ ਨੂੰ ਛੱਡ ਕੇ ਸੀਬੀਆਈ ਕੋਲ ਗਿਆ ਜਿਸ ਕਾਰਨ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ ਪਰ ਹੁਣ ਵੀ ਭੁੱਲਰ ਖ਼ਿਲਾਫ਼ ਪੰਜਾਬ ਸਰਕਾਰ ਬਣਦੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਨੂੰ ਐੱਮਪੀ ਕੋਟੇ ਵਿੱਚੋਂ ਲਗਭਗ 60 ਲੱਖ ਰੁਪਏ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਸਟੇਡੀਅਮ ਅਤੇ ਜਿੰਮਾਂ ਲਈ 14 ਕਰੋੜ ਜਾਰੀ ਕੀਤੇ ਹਨ,ਜਿਨ੍ਹਾਂ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਤਪਾ ਅੰਦਰ ਲੰਬੇ ਸਮੇਂ ਤੋਂ ਬੰਦ ਰੇਲ ਗੱਡੀਆਂ ਦੇ ਠਹਿਰਾਓ ਲਈ ਲੋਕ ਸਭਾ ਦੇ ਸ਼ੈਸਨ ਦੌਰਾਨ ਹੀ ਜਰੂਰੀ ਕਾਰਵਾਈ ਕੀਤੇ ਜਾਣ ਲਈ ਕਿਹਾ। ਇਸ ਮੌਕੇ ਕੌਂਸਲਰ ਹਰਦੀਪ ਪੋਪਲ ਅਤੇ ਸੌਰਭ ਬਾਂਸਲ ਆਦਿ ਹਾਜ਼ਰ ਸਨ।