ਮਾਨਸਾ ’ਚ ਮੀਂਹ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਮਾਨਸਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਨਾਲ ਗਰੀਬ ਪਰਿਵਾਰਾਂ ਦੇ ਮਕਾਨ ਢਹਿ-ਢੇਰੀ ਹੋਏ ਤੇ ਘਰਾਂ ਵਿੱਚ ਪਿਆ ਜ਼ਰੂਰੀ ਸਾਮਾਨ ਟੁੱਟ ਗਿਆ। ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੇ ਮਕਾਨ ਡਿੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਮੁੜ ਤੋਂ ਵਸੇਬਾ ਕਰ ਸਕਣ। ਪਿੰਡ ਝੇਰਿਆਂਵਾਲੀ ਦੇ ਵਿੱਚ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੇ ਮਕਾਨ ਦੀ ਛੱਤ ਡਿੱਗੀ ਗਈ। ਇਸ ਤੋਂ ਇਲਾਵਾ ਪਿੰਡ ਨੰਗਲ ਕਲਾਂ ਦੇ ਗੁਰਚਰਨ ਸਿੰਘ, ਅਮਰੀਕ ਸਿੰਘ, ਬਿੱਟੂ ਸਿੰਘ ਦੇ ਮਕਾਨਾਂ ਡਿੱਗ ਗਏ ਤੇ ਤਰੇੜਾਂ ਆ ਚੁੱਕੀਆਂ ਹਨ। ਪਿੰਡ ਨੰਗਲ ਕਲਾਂ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਬਾਰਿਸ਼ ਦੇ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਕਈ ਪਰਿਵਾਰਾਂ ਦੇ ਮਕਾਨ ਡਿੱਗਣ ਅਤੇ ਤਰੇੜਾਂ ਕਾਰਨ ਵੱਡਾ ਨੁਕਸਾਨ ਹੋਇਆ ਹੈ ਤੇ ਪੰਜਾਬ ਸਰਕਾਰ ਤੁਰੰਤ ਗਿਰਦਾਵਰੀ ਕਰਕੇ ਇਹਨਾਂ ਪਰਿਵਾਰਾਂ ਦੀ ਆਰਥਿਕ ਮਦਦ ਕਰੇ। ਇਸੇ ਤਰ੍ਹਾਂ ਮਾਨਸਾ ਸ਼ਹਿਰ ਦੇ ਕੋਰਟ ਦਾ ਟਿੱਬਾ ਵਿਖੇ ਤਿੰਨ ਪਰਿਵਾਰਾਂ ਦੇ ਘਰ ਦੀਆਂ ਛੱਤ ਤੇਜ ਮੀਂਹ ਨਾਲ ਡਿੱਗ ਗਈ ਹੈ, ਜਿਸ ਨਾਲ ਘਰ ਵਿਚ ਪਿਆ ਸਾਰਾ ਸਮਾਨ ਅਤੇ ਪਰਿਵਾਰਾਂ ਨੂੰ ਸਿਰ ਢੱਕਣ ਲਈ ਛੱਤ ਨਹੀਂ ਰਹੀ। ਪਿੰਡ ਚੁਕੇਰੀਆਂ ਵਿੱਚ ਅਮਰਜੀਤ ਕੌਰ ਅਤੇ ਮਨਪ੍ਰੀਤ ਕੌਰ ਦੇ ਮਕਾਨ ਭਾਰੀ ਮੀਂਹ ਕਾਰਨ ਡਿੱਗਣ ਕਿਨਾਰੇ ਹਨ, ਜਿਨ੍ਹਾਂ ਨੂੰ ਲੱਕੜ ਦੀ ਸਪੋਟ ਲਾ ਕੇ ਖੜ੍ਹਾਇਆ ਗਿਆ ਹੈ।
ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਵਿਖੇ ਕੁਲਦੀਪ ਸਿੰਘ ਪੁੱਤਰ ਸੱਤਪਾਲ ਦੇ ਪਸ਼ੂਆਂ ਵਾਲੇ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਉਕਤ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਸੰਗਤ ਮੰਡੀ (ਪੱਤਰ ਪ੍ਰੇਰਕ): ਅੱਜ ਦੁਪਹਿਰ ਤੋਂ ਬਾਅਦ ਪਏ ਭਾਰੀ ਮੀਂਹ ਦੇ ਪਾਣੀ ਨਾਲ ਸੰਗਤ ਮੰਡੀ ਮੁੜ ਜਲ-ਥਲ ਹੋ ਗਈ ਅਤੇ ਮੇਨ ਬਾਜ਼ਾਰ ਵਿੱਚ ਪਾਣੀ ਭਰ ਗਿਆ। ਪਿਛਲੇ ਲੰਬੇ ਸਮੇਂ ਤੋਂ ਸੰਗਤ ਮੰਡੀ ਵਾਸੀਆਂ ਲਈ ਨਿਕਾਸੀ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਵੀ ਪੱਕਾ ਹੱਲ ਨਜ਼ਰ ਨਹੀਂ ਆ ਰਿਹਾ।
ਠੀਕਰੀਵਾਲਾ ਤੇ ਬੀਹਲਾ ’ਚ ਘਰਾਂ ਦੀਆਂ ਛੱਤਾਂ ਡਿੱਗੀਆਂ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਬੀਹਲਾ ਤੇ ਠੀਕਰੀਵਾਲਾ ਵਿਚ ਮਜ਼ਦੂਰ ਤੇ ਕਿਸਾਨ ਪਰਿਵਾਰਾਂ ਦੇ ਘਰ ਡਿੱਗ ਪਏ। ਪੀੜਤਾਂ ਨੇ ਪੰਜਾਬ ਸਰਕਾਰ ਨੂੰ ਮੁਆਵਾਜ਼ਾ ਦੇਣ ਦੀ ਅਪੀਲ ਕੀਤੀ ਹੈ।