ਭਾਰੀ ਮੀਂਹ ਨਾਲ ਸੜਕਾਂ ਜਲ-ਥਲ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਇੱਥੇ ਅੱਜ ਮੁੜ ਭਾਰੀ ਮੀਂਹ ਪਿਆ ਜਿਸ ਨੇ ਸ਼ਹਿਰ ਨੂੰ ਜਲ-ਥਲ ਕਰਕੇ ਰੱਖ ਦਿੱਤਾ। ਨਗਰ ਕੌਸਲ ਅਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਸਕੂਲਾਂ ਦੇ ਬੱਚੇ ਸ਼ਹਿਰ ’ਚ ਭਰੇ ਮੀਂਹ ਦੇ ਪਾਣੀ ਕਾਰਨ ਘਰ ਦੇਰੀ ਨਾਲ ਪਰਤੇ। ਅੱਜ ਸਵੇਰ ਵੇਲੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਆਂ ਬਸਤੀਆਂ ਵਿਚ ਪਾਣੀ ਭਰ ਗਿਆ, ਪਾਣੀ ਦੇ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ। ਲੋਕਾਂ ਨੇ ਇਸ ਸਬੰਧੀ ਲੋੜੀਂਦੇ ਬੰਦੋਬਸਤ ਨਾ ਕਰਨ ’ਤੇ ਪ੍ਰਸ਼ਾਸਨ ਨੂੰ ਕੋਸਿਆ।ਭਾਰੀ ਬਾਰਸ਼ ਕਾਰਨ ਰਿਕਸ਼ੇ ਵਾਲਿਆਂ ਦੀ ਅੱਜ ਪੂਰੀ ਚਾਂਦੀ ਰਹੀ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਬਾਰਸ਼ ਕਾਰਨ ਇੱਕ ਵਾਰ ਤਾਂ ਸ਼ਹਿਰ ਵਿਚ ਪਾਣੀ ਭਰ ਵੀ ਜਾਂਦਾ ਹੈ, ਪਰ ਇਸ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਭਰਪੂਰ ਉਪਰਾਲੇ ਆਰੰਭ ਕੀਤੇ ਹੋਏ ਹਨ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸ਼ਹਿਣਾ ਇਲਾਕੇ ’ਚ ਸਵੇਰੇ ਮੌਨਸੂਨ ਦੀ ਭਰਵੀਂ ਬਾਰਸ਼ ਹੋਈ। ਮੀਂਹ ਨਾਲ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ। ਲੋਕਾਂ ਨੂੰ ਮੀਂਹ ਨਾਲ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ। ਕਿਸਾਨ ਜਰਨੈਲ ਸਿੰਘ, ਸੁਦਾਗਰ ਸਿੰਘ, ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਖੇਤੀ ਸੈਕਟਰ ਨੂੰ ਵੱਡਾ ਲਾਹਾ ਮਿਲਿਆ ਹੈ। ਬੱਸ ਸਟੈਂਡ ਰੋਡ ਸ਼ਹਿਣਾ ਦੀ ਮੀਂਹ ਕਾਰਨ ਦੁਰਦਸ਼ਾ ਹੋਈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਮਹਿਲ ਕਲਾਂ ਹਲਕੇ ਵਿੱਚ ਪਏ ਮੀਂਹ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ, ਪਰ ਇਸ ਪਹਿਲੇ ਹੀ ਮੀਂਹ ਨੇ ਹਲਕੇ ਵਿੱਚ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ। ਹਲਕੇ ਦੇ ਕਈ ਪਿੰਡਾਂ ਵਿੱਚ ਮੀਂਹ ਪੈਣ ਕਾਰਨ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਆ ਗਿਆ। ਪਿੰਡ ਗਾਗੇਵਾਲ ਅਤੇ ਸੱਦੋਵਾਲ ਵਿਖੇ ਫ਼ਿਰਨੀ ਦੀਆਂ ਟੁੱਟੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਦਾ ਸੜਕਾਂ ਤੋਂ ਲੰਘਣਾ ਤੱਕ ਮੁਸ਼ਕਿਲ ਹੋ ਗਿਆ। ਇਹ ਦੋਵੇਂ ਪਿੰਡ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਸਮੱਸਿਆ ਤੋਂ ਜੂਝ ਰਹੇ ਹਨ। ਇਸੇ ਤਰ੍ਹਾਂ ਪਿੰਡ ਧਨੇਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦਰ ਪਾਣੀ ਨਾਲ ਭਰਿਆ ਹੋਣ ਕਾਰਨ ਸਕੂਲ ਸਟਾਫ਼ ਅਤੇ ਬੱਚਿਆਂ ਨੂੰ ਪਾਣੀ ਵਿੱਚ ਇੱਟਾਂ ਰੱਖ ਕੇ ਵਿਚਦੀ ਲੰਘਣਾ ਪਿਆ ਹੈ। ਪਿੰਡ ਮੂੰਮ ਵਿਖੇ ਵੀ ਕੁੱਝ ਥਾਵਾਂ ’ਤੇ ਫ਼ਿਰਨੀ ਦੀ ਟੁੱਟੀ ਸੜਕ ਪਾਣੀ ਨਾਲ ਭਰੀ ਰਹੀ। ਇਸ ਤੋਂ ਬਿਨਾਂ ਪਿੰਡ ਮੂੰਮ ਤੋਂ ਧਨੇਰ ਨੂੰ ਜਾਂਦੀ ਲਿੰਕ ਸੜਕ ਅਤੇ ਬੀਹਲਾ ਤੋਂ ਗਹਿਲਾਂ ਨੂੰ ਜਾਂਦੀ ਸੜਕ ਕਈ ਥਾਵਾਂ ਤੋਂ ਟੁੱਟੀ ਹੋਣ ਕਾਰਨ ਇੱਥੇ ਵੀ ਪਾਣੀ ਜਮ੍ਹਾ ਹੋ ਗਿਆ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ
ਤਪਾ ਮੰਡੀ (ਸੀ. ਮਾਰਕੰਡਾ): ਤੇਜ਼ ਬਰਸਾਤ ਨੇੇ ਜਿੱਥੇ ਗਰਮੀ ਤੋਂ ਵੱਡੀ ਰਾਹਤ ਦਿਵਾਈ ਉਥੇ ਹੀ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਨੂੰ ਨੱਕੋ ਨੱਕ ਭਰ ਦਿਤਾ। ਮਾਡਲ ਟਾਊਨ, ਪਿਆਰਾ ਲਾਲ ਬਸਤੀ ਅਤੇ ਬਾਜ਼ੀਗਰ ਬਸਤੀ ਨੀਵੀਂਆਂ ਹੋਣ ਕਾਰਨ ਘਰਾਂ ਅੰਦਰ ਮੀਂਹ ਦਾ ਪਾਣੀ ਜਾ ਵੜਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਨਗਰ ਵਾਸੀਆਂ ਨੇ ਕਿਹਾ ਕਿ ਉਹ ਨਗਰ ਕੌਂਸਲ ਨੂੰ ਕਈ ਵਾਰ ਪਾਣੀ ਦੀ ਨਿਕਾਸੀ ਸਬੰਧੀ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਉਹਨਾਂ ਵੱਲੋਂ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਇਸ ਸਬੰਧੀ ਨਗਰ ਕੌਂਸਲ ਦੇ ਸੈਂਨੇਟਰੀ ਇੰਸਪੈਕਟਰ ਅਮਨਦੀਪ ਸ਼ਰਮਾ ਨੇ ਕਿਹਾ ਕਿ ਮੀਂਹ ਵਰ੍ਹਨ ਸਾਰ ਕਈ ਘੰਟੇ ਬਿਜਲੀ ਚਲੀ ਗਈ ਜਿਸ ਕਾਰਨ ਮੋਟਰਾਂ ਪਾਣੀ ਦੀ ਨਿਕਾਸੀ ਨਾ ਕਰ ਸਕੀਆਂ, ਬਿਜਲੀ ਆਉਣ ਤੱਕ ਪਾਣੀ ਦੀ ਨਿਕਾਸੀ ਸ਼ੁਰੂ ਹੋ ਜਾਵੇਗੀ।
ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ’ਚ ਪਾਣੀ ਭਰਿਆ
ਮਾਨਸਾ: ਮੀਂਹ ਨੇ ਪਿੰਡ ਨੰਦਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਕੇ ਰੱਖ ਦਿੱਤੀ, ਜਦੋਂ ਮੀਂਹ ਦਾ ਪਾਣੀ ਬਿਲਡਿੰਗ ਅੰਦਰ ਭਰ ਗਿਆ ਤਾਂ ਮਜਬੂਰੀ ਵੱਸ ਸਕੂਲ ਵਿਚੋਂ ਬੱਚਿਆਂ ਨੂੰ ਛੁੱਟੀ ਕਰਨੀ ਪਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਇਸ ਸਕੂਲ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ, ਪਰ ਦੂਸਰੇ ਪਾਸੇ ਇਸ ਸਕੂਲ ਦੀ ਬਿਲਡਿੰਗ ਨੂੰ ਉੱਚਾ ਚੁੱਕਣ ਤੇ ਇਸ ਦੀ ਹਾਲਤ ਨੂੰ ਸੁਧਾਰਨ ਲਈ ਕਈ ਵਾਰ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀਮੇਟ ਬਣਾ ਕੇ ਦੇ ਚੁੱਕੇ ਹਨ ਪਰ ਇਸ ਸਕੂਲ ਵੱਲ ਅਜੇ ਤੱਕ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਗਈ।