ਅਪਰਾਧ ਦਾ ਵਧਣਾ ਲੋਕਾਂ ਲਈ ਚਿੰਤਾ ਦਾ ਵਿਸ਼ਾ: ਚੌਟਾਲਾ
ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦਿੱਗਵਿਜੈ ਸਿੰਘ ਚੌਟਾਲਾ ਨੇ ਪਾਰਟੀ ਵੱਲੋਂ ਅਗਾਮੀ 23 ਸਤੰਬਰ ਨੂੰ ਸਿਰਸਾ ਵਿੱਚ ਕਰਵਾਏ ਜਾ ਰਹੇ ਯੁਵਾ ਯੋਧਾ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਏਲਨਾਬਾਦ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪਾਰਟੀ ਨੇਤਾ ਅੰਜਨੀ ਲੱਢਾ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੀ ਸ਼ੁਰੂਆਤ ਸਿਰਸਾ ਤੋਂ ਕੀਤੀ ਜਾ ਰਹੀ ਹੈ ਅਤੇ ਬਾਅਦ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਤੇ ਹਰ ਹਫਤੇ ਐਤਵਾਰ ਨੂੰ ਇਸ ਤਰ੍ਹਾਂ ਦੇ ਸੰਮੇਲਨ ਆਯੋਜਿਤ ਕੀਤੇ ਜਾਣਗੇ। 13 ਮਾਰਚ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਜੇ ਸਿੰਘ ਚੌਟਾਲਾ ਦੇ ਜਨਮ ਦਿਨ ਮੌਕੇ ਸੂਬਾਈ ਪੱਧਰ ਤੇ ਵੱਡੇ ਸੰਮੇਲਨ ਦਾ ਆਯੋਜਿਨ ਕਰਕੇ ਸਮਾਪਤੀ ਕੀਤੀ ਜਾਵੇਗੀ। ਚੌਟਾਲਾ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਜੋ ਅਪਰਾਧਿਕ ਘਟਨਾਵਾਂ ਵਧ ਰਹੀਆ ਹਨ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਸੂਬੇ ਦੀ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਅਨਿਲ ਵਿੱਜ ਵਰਗੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਹੀ ਪਾਰਟੀ ਦੀ ਪਛਾਣ ਬਣਾਈ ਪਰ ਅੱਜ ਭਾਜਪਾ ਅਜਿਹੇ ਨੇਤਾਵਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਤਾਂ ਆਮ ਆਦਮੀ ਜਾਂ ਆਪਣੇ ਹੋਰ ਵਰਕਰਾਂ ਨੂੰ ਮਾਣ ਸਨਮਾਨ ਕਿਵੇਂ ਦੇ ਸਕਦੀ ਹੈ। ਇਸ ਦੌਰਾਨ ਉਨ੍ਹਾਂ ਪਾਰਟੀ ਵਰਕਰਾਂ ਨੂੰ ਯੁਵਾ ਯੋਧਾ ਸੰਮੇਲਨ ਵਿੱਚ ਵੱਡੀ ਸੰਖਿਆ ਵਿੱਚ ਪਹੁੰਚਣ ਦੀ ਅਪੀਲ ਕੀਤੀ।