ਕਾਮਰੇਡ ਦੀ ਬਰਸੀ ਮੌਕੇ ਇਨਕਲਾਬੀ ਨਾਅਰੇ ਗੂੰਜੇ
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 37ਵੀਂ ਬਰਸੀ ਮੁਲਾਜ਼ਮ ਜਥੇਬੰਦੀ ਆਗੂਆਂ ਤੇ ਟਰਾਂਸਪੋਰਟ ਕਾਮਿਆਂ ਨੇ ਇਨਕਲਾਬੀ ਨਾਅਰਿਆਂ ਦੀ ਗੂੰਜ ’ਚ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਿਜਦਾ ਕੀਤਾ। ਏਟਕ ਦੇ ਸਕੱਤਰ ਕਾ. ਵਿਦਿਆ ਸਾਗਰ ਗਿਰੀ ਨੇ ਕਿਹਾ ਕਿ ਕਾ. ਧਾਲੀਵਾਲ ਨੇ ਕਿਰਤੀ ਲੋਕਾਂ ਦੇ ਹੱਕਾਂ ਲਈ ਕੁਰਬਾਨੀ ਦਿੱਤੀ। ਉਨ੍ਹਾਂ ਦੀ ਸੋਚ ਤੇ ਪਹਿਰਾ ਦੇ ਕੇ ਹੀ ਪਬਲਿਕ ਸੈਕਟਰ ਦੀ ਰਾਖੀ ਕੀਤੀ ਜਾ ਸਕਦੀ ਹੈ। ਇਸ ਮੌਕੇ ਉੱਘੇ ਲੇਖਕ ਤੇ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਕਾਰਨ ਕਿਰਤੀ ਲੋਕ ਗਰੀਬੀ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗ ਰਹੇ ਹਨ। ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾ. ਜਗਰੂਪ ਨੇ ਕਿਹਾ ਕਿ ਪੈਦਾਵਾਰੀ ਸ਼ਕਤੀਆਂ ਏ ਆਈ ਦੇ ਦੌਰ ਵਿੱਚ ਸਵਾਲ ਕਿਰਤ ਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ’ਚ ਲੈ ਕੇ ਜਾਣ ਦਾ ਹੈ।ਕੁਲਦੀਪ ਭੋਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਕਾਰਨ ਰੋਡਵੇਜ਼, ਪੀਆਰਟੀਸੀ ਬਿਜਲੀ ਬੋਰਡ ਤੇ ਹੋਰ ਵੱਡੇ ਪਬਲਿਕ ਅਦਾਰੇ ਖਤਮ ਹੋਣ ਦੇ ਕਿਨਾਰੇ ਹਨ।