ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪਰਵਾਸੀ ਮਜ਼ਦੂਰਾਂ ਖਿਲਾਫ਼ ਚਲਾਈ ਮੁਹਿੰਮ ਦਾ ਵਿਰੋਧ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਪੰਜ ਸਾਲਾਂ ਬੱਚੇ ਦਾ ਇੱਕ ਪਰਵਾਸੀ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਕੁੱਝ ਲੋਕਾਂ ਪਰਵਾਸੀ ਮਜ਼ਦੂਰਾਂ ਖਿਲਾਫ਼ ‘ਭੱਈਏ ਭਜਾਓ’ ਨਾਂ ਦੀ ਚਲਾਈ ਨਫ਼ਰਤੀ ਮੁਹਿੰਮ ਦੇ ਚਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੀ ਆਗੂ ਟੀਮ ਨੇ ਸਥਾਨਕ ਧਨੌਲਾ ਰੋਡ ਸਥਿਤ ਪ੍ਰੇਮ ਨਗਰ ਵਿਖੇ ਵੱਡੀ ਗਿਣਤੀ ਵਿੱਚ ਰਹਿੰਦੇ ਪਰਵਾਸੀ ਭਾਈਚਾਰੇ ਨਾਲ ਮੀਟਿੰਗ ਕੀਤੀ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਡਾ. ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ ਤੇ ਪਾਲ ਸਿੰਘ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ। ਦੋਸ਼ੀ ਨੂੰ ਜਲਦ ਫਾਸਟ ਟਰੈਕ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪਰ ਕੁੱਝ ਫ਼ਿਰਕਾਪ੍ਰਸਤ ਤਾਕਤਾਂ ਇਸ ਮੁੱਦੇ ਨੂੰ ਲੈਕੇ ਸਮੁੱਚੇ ਪਰਵਾਸੀ ਭਾਈਚਾਰੇ ਖ਼ਿਲਾਫ਼ ‘ਭੱਈਏ ਭਜਾਓ ਮੁਹਿੰਮ’ ਭੜਕਾ ਰਹੀਆਂ ਹਨ ਜੋ ਸਿੱਧੇ ਤੌਰ ’ਤੇ ਕਿਰਤੀਆਂ ਤੇ ਪੰਜਾਬੀਆਂ ਦੇ ਖ਼ਿਲਾਫ਼ ਹੈ।
ਇਸ ਮੌਕੇ ਪਰਵਾਸੀ ਮਜ਼ਦੂਰ ਭਾਈਚਾਰੇ ਵਿੱਚ ਵੀ ਇੱਕ ਮਾਸੂਮ ਬੱਚੇ ਦੇ ਬੇਰਹਿਮੀ ਨਾਲ ਕੀਤੇ ਕਤਲ ਖਿਲਾਫ਼ ਤਿੱਖਾ ਰੋਹ ਵੇਖਣ ਨੂੰ ਮਿਲਿਆ। ਪਰਵਾਸੀ ਔਰਤ ਰੇਖਾ ਅਤੇ ਤਾਹਿਰ ਨੇ ਕਿਹਾ ਕਿ ਬੱਚੇ ਦੇ ਕਤਲ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪਰ ਸਮੁੱਚੇ ਪਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਉਹ ਇੱਥੇ 30-30 ਸਾਲ ਤੋਂ ਪੰਜਾਬੀ-ਪਰਵਾਸੀ ਮਿਲਜੁਲ ਕੇ ਰਹਿ ਰਹੇ ਹਾਂ।
ਉਨ੍ਹਾਂ ਨੇ ਇਸ ਮੁਹਿੰਮ ਨੂੰ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਦੀ ਸਾਜ਼ਿਸ਼ ਦੱਸਿਆ।
ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਅੰਦਰ ਸਹਿਮ ਵੇਖਣ ਨੂੰ ਮਿਲਿਆ। ਕੁੱਝ ਥਾਵਾਂ ’ਤੇ ਛੋਟੇ-ਛੋਟੇ ਰੇਹੜੀ ਫੜ੍ਹੀ ਵਾਲਿਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕਿਹਾ ਕਿ ਤਿੱਖੇ ਹੋ ਰਹੇ ਆਰਥਿਕ ਸਿਆਸੀ ਸੰਕਟ ਸਮੇਂ ਅਜਿਹੇ ਮੁੱਦਿਆਂ ਨੂੰ ਤੂਲ ਦੇਣਾ ਹਾਕਮ ਜਮਾਤਾਂ ਨੂੰ ਹੀ ਰਾਸ ਬੈਠੇਗਾ। ਇਨਕਲਾਬੀ ਕੇਂਦਰ ਪੰਜਾਬ ਨੇ ਪੰਜਾਬ ਵਿੱਚ ਪਰਵਾਸੀ ਮਜਦੂਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਖ਼ਤਰਨਾਕ ਕਰਾਰ ਦਿੰਦਿਆਂ ਪੰਜਾਬੀਆਂ ਨੂੰ ਇਸ ਬਾਰੇ ਚੇਤਨ ਹੋਣ ਦੇ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
ਕੈਪਸ਼ਨ: ਬਰਨਾਲਾ ਦੇ ਪ੍ਰੇਮ ਨਗਰ ਵਿਖੇ ਪਰਵਾਸੀ ਮਜ਼ਦੂਰ ਪਰਿਵਾਰਾਂ ਨਾਲ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ ਤੇ ਸਾਥੀ।ਫੋਟੋ: ਬੱਲੀ