ਝੋਨੇ ਦੀ ਖ਼ਰੀਦ ਦਾ ਜਾਇਜ਼ਾ
ਹਰਿਆਣਾ ਵੇਅਰਹਾਊਸ ਕਾਰਪੋਰੇਸ਼ਨ ਸਿਰਸਾ ਦੇ ਡੀ ਐੱਮ ਹਰੀਸ਼ ਸ਼ਰਮਾ ਅਤੇ ਏਲਨਾਬਾਦ ਦੇ ਐੱਸ ਡੀ ਐੱਮ ਪਾਰਸ ਭਗੋਰੀਆ ਨੇ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਅਤੇ ਪ੍ਰਾਈਵੇਟ ਖ਼ਰੀਦ ਦਾ ਨਿਰੀਖਣ ਕੀਤਾ। ਇਸ ਮੌਕੇ ਹੈਫੇਡ ਦੇ ਮੈਨੇਜਰ ਰਾਜਿੰਦਰ ਸਿੰਘ, ਮਾਰਕੀਟ ਕਮੇਟੀ ਏਲਨਾਬਾਦ ਦੇ ਸਕੱਤਰ ਬਲਰਾਜ ਬਾਨਾ, ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਸਿੰਘ ਝੋਰੜ, ਮਾਰਕੀਟ ਸੁਪਰਵਾਈਜ਼ਰ ਧਰਮਪਾਲ, ਕਿਸਾਨ ਆਗੂ ਪ੍ਰਕਾਸ਼ ਸਿਹਾਗ ਆਦਿ ਮੌਜੂਦ ਸਨ। ਹਰੀਸ਼ ਸ਼ਰਮਾ ਨੇ ਝੋਨੇ ਦੀਆਂ ਢੇਰੀਆਂ ਦੇ ਗੇਟ ਪਾਸ ਅਤੇ ਟੋਕਨਾਂ ਦੀ ਜਾਂਚ ਕਰਕੇ ਉਨ੍ਹਾਂ ਦਾ ਮਿਲਾਨ ਕੀਤਾ। ਉਨ੍ਹਾਂ ਨੇ ਝੋਨੇ ਵਿੱਚ ਨਮੀ ਦੀ ਮਾਤਰਾ ਦੀ ਵੀ ਜਾਂਚ ਕੀਤੀ ਅਤੇ ਤੁਲਾਈ ਵਾਲੇ ਕੰਡਿਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 5-6 ਦਿਨਾਂ ਤੋਂ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆਏ ਹੋਏ ਹਨ ਪਰ ਕੋਈ ਬੋਲੀ ਨਹੀਂ ਹੋਈ। ਜਦੋਂ ਉਨ੍ਹਾਂ ਮਾਰਕੀਟ ਕਮੇਟੀ ਦੇ ਸਕੱਤਰ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਬਲਰਾਜ ਬਾਨਾ ਨੇ ਦੱਸਿਆ ਕਿ ਦੀਵਾਲੀ ਦੀਆਂ ਛੁੱਟੀਆਂ ਕਾਰਨ ਬੋਲੀ ਨਹੀਂ ਹੋ ਸਕੀ ਪਰ ਹੁਣ ਕਿਸਾਨਾਂ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸ ਦੌਰਾਨ ਆੜ੍ਹਤੀਆਂ ਨੇ ਅਨਾਜ ਮੰਡੀ ਵਿੱਚ ਸਫਾਈ ਅਤੇ ਗੇਟਾਂ ’ਤੇ ਚੌਕੀਦਾਰਾਂ ਦੀ ਮੰਗ ਕੀਤੀ।
