ਲੈਂਡ ਪੂਲਿੰਗ ਨੀਤੀ ਵਾਪਸ ਕਰਵਾਉਣਾ ਅਕਾਲੀ ਦਲ ਦੀ ਵੱਡੀ ਜਿੱਤ: ਮਲੂਕਾ
ਸ਼੍ਰੋਮਣੀ ਅਕਾਲੀ ਦਲ ਨੇ ਜਿਲ੍ਹਾ ਤੇ ਸੂਬਾ ਪੱਧਰ ’ਤੇ ਵੱਡੇ ਧਰਨੇ ਲਗਾ ਕੇ ਪੰਜਾਬ ਸਰਕਾਰ ਨੂੰ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਹੈ। ਇਸ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਿੰਡ ਕੋਠਾ ਗੁਰੂ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾਂ ਦੱਸਿਆ ਕਿ ਇਸ ਜਿੱਤ ਨੂੰ ਲੈ ਕੇ ਅਕਾਲੀ ਦਲ 31 ਅਗਸਤ ਨੂੰ ਮੋਗਾ ਵਿੱਚ ਸੂਬਾ ਪੱਧਰੀ ਫ਼ਤਹਿ ਰੈਲ਼ੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਲਈ ਇਹ ਨੀਤੀ ਲਾਗੂ ਕੀਤੀ ਸੀ ਤੇ ਇਹ ਨੀਤੀ ਕਿਸੇ ਵੀ ਪੱਖੋਂ ਪੰਜਾਬ ਤੇ ਕਿਸਾਨ ਪੱਖੀ ਨਹੀਂ ਸੀ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਤੋਂ ਮੋਗਾ ਰੈਲ਼ੀ ਵਿਚ ਲੋਕਾਂ ਦੀ ਭਰਵੀਂ ਹਾਜ਼ਰੀ ਯਕੀਨੀ ਬਣਾਉਣ ਲਈ ਹਲਕੇ ਦੇ ਪਿੰਡਾਂ 'ਚ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਮਲੂਕਾ ਨੇ ਕਿਹਾ ਕਿ ਭਵਿੱਖ ਵਿਚ ਵੀ ਅਕਾਲੀ ਦਲ ਸੂਬਾ ਸਰਕਾਰ ਦੇ ਹਰ ਲੋਕ ਵਿਰੋਧੀ ਫੈਸਲੇ ਦਾ ਡੱਟ ਕੇ ਵਿਰੋਧ ਕਰਦਾ ਰਹੇਗਾ। ਇਸ ਮੌਕੇ ਮਲੂਕਾ ਨੇ ਪਿੰਡ 'ਚ ਬੂਥ ਪੱਧਰੀ ਕਮੇਟੀਆਂ ਬਣਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ। ਇਸ ਸਮੇਂ ਡਾ. ਜਸਪਾਲ ਸਿੰਘ ਦਿਆਲਪੁਰਾ, ਮੇਵਾ ਨੰਬਰਦਾਰ, ਦਰਸ਼ਨ ਸਿੰਘ ਗੋਂਦਾਰਾ, ਬਲੌਰ ਸਿੰਘ ਬਾਠ, ਰਛਪਾਲ ਪੰਨੂੰ, ਜਗਸੀਰ ਜੱਗ, ਸੁਖਮੰਦਰ ਸਰਾ, ਰਛਪਾਲ ਸੰਧੂ, ਕਾਲਾ ਭੱਲਾ ਤੇ ਮੰਗਲ ਸੋਢੀ ਹਾਜ਼ਰ ਸਨ।