ਸਰਕਾਰ ਨੂੰ ਜ਼ਿਮਨੀ ਚੋਣ ’ਚ ਘੇਰਨ ਦੀ ਤਿਆਰੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਨੇ ਸਾਂਝੇ ਤੌਰ ’ਤੇ 2 ਨਵੰਬਰ ਨੂੰ ਤਰਨ ਤਾਰਨ ਵਿੱਚ ਝੰਡਾ ਮਾਰਚ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਜ਼ਮ ਤੇ ਲੋਕ ਵਿਰੋਧੀ ਚਿਹਰਾ ਜ਼ਿਮਨੀ ਚੋਣ ਦੌਰਾਨ ਵੋਟਰਾਂ ਦੀ ਕਚਹਿਰੀ ਵਿੱਚ ਨਸ਼ਰ ਕਰਨ ਦਾ ਫੈਸਲਾ ਕੀਤਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ, ਲਖਵਿੰਦਰ ਸਿੰਘ ਮਾਨ ਅਤੇ ਸਟੇਟ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਲਿਖਤੀ ਗਾਰੰਟੀ ਦਿੱਤੀ ਸੀ ਕਿ ਪੰਜਾਬ ਵਿੱਚ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ 18 ਨਵੰਬਰ 2022 ਨੂੰ ਦੀਵਾਲੀ ਤੋਂ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਨਹੀਂ ਲਾਗੂ ਕਰ ਪਾਈ, ਜਦੋਂ ਕਿ ਗੁਆਂਢੀ ਸੂਬੇ ਹਿਮਾਚਲ ਨੇ 6 ਮਹੀਨੇ ਅੰਦਰ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਆਪਣਾ ਚੋਣ ਵਾਅਦਾ ਇਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦੀ ਮੁੱਖ ਮੰਤਰੀ ਦੇ ਐਲਾਨ ਤੋਂ ਚਾਰ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਤੇ ਨਾ ਹੀ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਲਈ ਚੁਣਿਆ ਜਾਣ ਵਾਲਾ ਵਿਧਾਇਕ ਜਾਂ ਸੰਸਦ ਪੁਰਾਣੀ ਪੈਨਸ਼ਨ ਦਾ ਹੱਕਦਾਰ ਹੈ ਤਾਂ ਸਾਰੀ ਉਮਰ ਦੇਸ਼ ਸੇਵਾ ਵਿੱਚ ਲਾਉਣ ਵਾਲਾ ਕਰਮਚਾਰੀ ਕਿਉਂ ਨਹੀਂ ਹੈ। ਇਸ ਮੌਕੇ ਮੇਲਾ ਸਿੰਘ, ਰਾਜ ਕੁਮਾਰ ਮੇਜਰ ਸਿੰਘ, ਬਿੰਦਰ ਕੌਰ, ਕਵਿਤਾ ਸ਼ਰਮਾ, ਲਵਲੀਨ ਕੌਰ, ਕ੍ਰਿਸ਼ਨ ਲਾਲ, ਕਰਮਜੀਤ ਸਿੰਘ, ਕਰਮਜੀਤ ਕੌਰ, ਜਗਪ੍ਰੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਵਰਿੰਦਰ ਸਿੰਘ, ਬੀਰਬਲ ਸਿੰਘ, ਸਤਨਾਮ ਕੌਰ ਵੀ ਮੌਜੂਦ ਸਨ।
