ਮਾਨਸਾ ਖੁਰਦ ਵਾਸੀਆਂ ਨੇ ਤੀਆਂ ਮਨਾਈਆਂ
ਇੱਥੋਂ ਨੇੜਲੇ ਪਿੰਡ ਮਾਨਸਾ ਖੁਰਦ ਵਾਸੀਆਂ ਵੱਲੋਂ ਪਿੰਡ ’ਚ ਮਨਾਏ ਤੀਜ ਦੇ ਤਿਉਹਾਰ ਦੌਰਾਨ ਵਰ੍ਹਿਆਂ ਬਾਅਦ ਬਾਬਲ ਦੇ ਪਿੰਡ ਆਈ 103 ਵਰ੍ਹਿਆਂ ਦੀ ਜਸਵੀਰ ਕੌਰ ਨੇ ਸਹੁਰੇ ਪਿੰਡ ਤਿਉਣਾ ਪੁਜਾਰੀਆਂ ਤੋਂ ਆ ਕੇ ਬੋਲੀਆਂ ਪਾਈਆਂ। ਪਿੰਡ ਵਾਸੀਆਂ ਨੇ ਧੀਆਂ ਦਾ ਸਨਮਾਨ ਕੀਤਾ। ਸੰਤ ਪ੍ਰਸ਼ੋਤਮ ਦਾਸ ਵਿਰਕੁਤ ਕੁਟੀਆ ਤੇ ਸਵਾਮੀ ਨਿਰੰਜਨ ਦੇਵ ਉਦਾਸੀਨ ਆਸ਼ਰਮ ਮਾਨਸਾ ਖੁਰਦ ਨੇ ਪਿੰਡ ਦੀਆਂ ਧੀਆਂ ਨੂੰ ਸ਼ਾਲ, ਫੁਲਕਾਰੀਆਂ ਨਾਲ ਸਨਮਾਨਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਧੀਆਂ ਦੇ ਪਵਿੱਤਰ ਰਿਸ਼ਤਿਆਂ ਨੂੰ ਹੋਰ ਸਤਿਕਾਰ ਦੇਣ ਦੀ ਲੋੜ ਹੈ। ਪਿੰਡ ਮਾਨਸਾ ਖੁਰਦ ਦੀ 95 ਸਾਲਾ ਮਾਤਾ ਭਾਗਵੰਤੀ ਕੌਰ ਨੇ ਹੋਰਨਾਂ ਬੁਜ਼ਰਗ ਔਰਤਾਂ ਨਾਲ ਮਿਲ ਕੇ ਹਰ ਧੀ ਦਾ ਸਨਮਾਨ ਕੀਤਾ, ਉੱਥੇ ਉਨ੍ਹਾਂ ਨਾਲ ਦੁੱਖਾਂ-ਸੁੱਖਾਂ ਦੀਆਂ ਗੱਲਾਂ ਵੀ ਕੀਤੀਆਂ। ਪਿੰਡ ’ਚ ਸੱਦਾ ਪੱਤਰ ਦੀ ਸ਼ੁਰੂਆਤ ਵੀ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਰਣ ਸਿੰਘ, ਸੁਖਦੇਵ ਸਿੰਘ ਤੋਂ ਕੀਤੀ ਗਈ। ਇਸ ਮੌਕੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਮਾਤਾ ਭੋਲੀ ਕੋਰ ਦੇ ਅਸਥਾਨ ਤੋਂ ਬਾਬਾ ਹਰਬੇਅੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਖੀਰ-ਪੂੜਿਆਂ ਤੇ ਚਾਹ-ਪਕੌੜਿਆਂ ਦਾ ਲੰਗਰ ਲਾਇਆ ਗਿਆ। ਧੀਆਂ ਨੇ ਬਾਬਾ ਪ੍ਰਸ਼ੋਤਮ ਦਾਸ ਨੂੰ ਹਰ ਵਰ੍ਹੇ ਸਮਾਗਮ ਕਰਵਾਉਣ ਦੀ ਬੇਨਤੀ ਕੀਤੀ।