ਮਚਾਕੀ ਮੱਲ ਸਿੰਘ ਦੇ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਜ਼ਰੂਰਤਮੰਦਾਂ ਨੂੰ ਸਿੱਧੇ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਲੋਕ ਲੋੜ ਅਨੁਸਾਰ ਸਾਮਾਨ ਅਤੇ ਨਗਦੀ ਦੇ ਰਹੇ ਹਨ। ਪਿੰਡ ਮਚਾਕੀ ਮੱਲ ਸਿੰਘ ਦੇ ਲੋਕਾਂ ਨੇ ਪਿੰਡ ਵਿੱਚੋਂ ਇਕੱਠੇ ਕੀਤੇ 5.95 ਲੱਖ ਰੁਪਏ ਤਿੰਨ ਪਿੰਡਾਂ ਵਿੱਚ ਪਹੁੰਚ ਕੇ 46 ਜ਼ਰੂਰਤਮੰਦਾਂ ਨੂੰ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਪੈਸੇ ਇਕੱਠੇ ਕੀਤੇ ਹੋਏ ਸਨ ਪਰ ਫ਼ੈਸਲਾ ਕੀਤਾ ਸੀ ਕਿ ਹੜ੍ਹਾਂ ਦਾ ਪਾਣੀ ਘਟਣ ਮਗਰੋਂ ਜ਼ਰੂਰਤ ਅਨੁਸਾਰ ਪੀੜਤਾਂ ਨੂੰ ਦੇਣਗੇ। ਇਸ ਲਈ ਉਨ੍ਹਾਂ ਨੇ ਮੱਲਾਂਵਾਲਾ ਨਜ਼ਦੀਕ ਪਿੰਡ ਤੁੜ ਬਹਿਕਾਂ, ਕੁਤਬਦੀਨ ਅਤੇ ਅਰਾਜ਼ੀ ਸਭਰਾਂ ਵਿੱਚ ਪਹੁੰਚ ਕੇ ਬੀਜ ਖ਼੍ਰੀਦਣ, ਜ਼ਮੀਨ ਵਾਹੁਣ, ਖ਼ਾਦ ਖ਼੍ਰੀਦਣ ਅਤੇ ਘਰਾਂ ਦੀ ਮੁਰੰਮਤ ਕਰਵਾਉਣ ਲਈ ਨਗਦ ਪੈਸੇ ਦਿੱਤੇ। ਉਨ੍ਹਾਂ ਦੱਸਿਆ ਕਿ ਹਰ ਜ਼ਰੂਰਤਮੰਦ ਤੱਕ ਪਿੰਡ ਤੋਂ ਗਈ ਟੀਮ ਨੇ ਖ਼ੁਦ ਪਹੁੰਚ ਕੀਤੀ ਅਤੇ ਸਿੱਧੇ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮਦਦ ਕੀਤੀ ਹੈ। -ਪੱਤਰ ਪ੍ਰੇਰਕ
ਗੁਰੂ ਕਾਸ਼ੀ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਸਨਮਾਨੇ
ਭਗਤਾ ਭਾਈ: ਵਿਕਾਸ ਪਰਿਸ਼ਦ ਬਠਿੰਡਾ ਵੱਲੋਂ ਕਰਵਾਏ ‘ਗੁਰੂ ਵੰਦਨ ਛਾਤਰ ਅਭਿਨੰਦਨ’ ਸਮਾਗਮ ਦੌਰਾਨ ਸੀ ਐੱਮ ਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਅਧਿਆਪਕਾ ਨਿਸ਼ਾ ਰਾਣੀ ਕੋਠਾਗੁਰੂ ਤੇ ਕਿਰਨ ਕੌਰ ਭਗਤਾ, ਹੋਣਹਾਰ ਵਿਦਿਆਰਥਣਾਂ ਨਵਜੋਤ ਕੌਰ ਤੇ ਮੈਵਿਸ਼ ਗਰਗ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਅਤੇ ਪ੍ਰਿੰਸੀਪਲ ਰਮਨ ਕੁਮਰ ਨੇ ਸਨਮਾਨਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਉਪਰਾਲੇ ਲਈ ਭਾਰਤ ਵਿਕਾਸ ਪਰਿਸ਼ਦ ਬਠਿੰਡਾ ਦੇ ਪ੍ਰਧਾਨ ਪਵਨ ਗਰੋਵਰ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਫ਼ਤਹਿ ਗਰੁੱਪ ਰਾਮਪੁਰਾ ਵਿੱਚ ਵਿਗਿਆਨ ਮੇਲਾ
ਰਾਮਪੁਰਾ ਫੂਲ: ਫ਼ਤਹਿ ਸੀਨੀਅਰ ਸੈਕੰਡਰੀ ਸਕੂਲ ਦੇ ਵਿਗਿਆਨ ਵਿਭਾਗ ਵੱਲੋਂ ਵਿਗਿਆਨ ਮੇਲਾ ਕਰਵਾਇਆ ਗਿਆ। ਇਸ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਣਾਏ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸੰਸਥਾ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਇਹ ਮੇਲਾ ਨਾ ਸਿਰਫ਼ ਵਿਦਿਆਰਥੀਆਂ ਵਿੱਚ ਖੋਜ ਦੀ ਭਾਵਨਾ ਨੂੰ ਉਭਾਰਨ ਵਾਲਾ ਸਾਬਤ ਹੋਇਆ, ਸਗੋਂ ਉਨ੍ਹਾਂ ਨੂੰ ਸਮੂਹਕ ਕਾਰਜ ਤੇ ਪ੍ਰਬੰਧਾਂ ਬਾਰੇ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰ ਗਿਆ। ਸੰਸਥਾ ਦੇ ਚੇਅਰਮੈਨ ਐੱਸ ਐੱਚ ਚੱਠਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਗਿਆਨਕ ਸੋਚ ਹੀ ਦੇਸ਼ ਦੀ ਤਰੱਕੀ ਦਾ ਆਧਾਰ ਹੈ। ਇਸ ਮੌਕੇ ਪ੍ਰਿੰਸੀਪਲ ਬਘੇਲ ਸਿੰਘ, ਐੱਮ ਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
ਕਲੇਰ ਸਕੂਲ ਦੀ ਕ੍ਰਿਕਟ ਮੁਕਾਬਲੇ ’ਚ ਝੰਡੀ
ਭਗਤਾ ਭਾਈ: ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਨੈਸ਼ਨਲ ਕ੍ਰਿਕਟ ਮੁਕਾਬਲਿਆਂ ਵਿੱਚ ਦੂਜਾ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਸਕੂਲ ਦੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਦੀ ਕ੍ਰਿਕਟ ਟੀਮ (ਅੰਡਰ-14) ਨੇ ਕਰਨਾਲ ਵਿੱਚ ਹੋਏ ਮੁਕਾਬਲੇ ਵਿੱਚ ਕਰਨਾਟਕਾ ਦੀ ਟੀਮ ਨੂੰ ਹਰਾਇਆ। ਸਕੂਲ ਪ੍ਰਬੰਧਕਾਂ ਅਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਸਕੂਲ ਵਿੱਚ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ। ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ ਤੇ ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ ਨੇ ਜੇਤੂ ਟੀਮ, ਕ੍ਰਿਕਟ ਕੋਚ ਲਖਵਿੰਦਰ ਬਰਾੜ ਤੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਦਮਨਜੋਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਮੋਨਿਕਾ ਚਲਾਣਾ, ਹਰਜਿੰਦਰ ਸਿੰਘ, ਬੇਅੰਤ ਸਿੰਘ ਤੇ ਗੁਰਵਿੰਦਰ ਸਿੰਘ ਸੋਨੂੰ ਹਾਜ਼ਰ ਸਨ। -ਪੱਤਰ ਪ੍ਰੇਰਕ
ਹੰਭਲਾ ਸਾਹਿਤ ਕੇਂਦਰ ਮੌੜਾਂ ਵੱਲੋਂ ਇਕੱਤਰਤਾ
ਤਪਾ ਮੰਡੀ: ਪਿੰਡ ਮੌੜ ਨਾਭਾ ਵਿੱਚ ਹੰਭਲਾ ਸਾਹਿਤ ਕੇਂਦਰ ਮੌੜਾਂ ਵੱਲੋਂ ਸਾਹਿਤ ਅਤੇ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਇਤਿਹਾਸਕਾਰ ਤੇ ਲੇਖਕ ਹਰਭਜਨ ਸਿੰਘ ਸੇਲਬਰਾਹ ਨੇ ਕੀਤੀ ਤੇ ਉਨ੍ਹਾਂ ਦਾ ਸਾਥ ਪ੍ਰਧਾਨ ਡਾ. ਜਵਾਲਾ ਸਿੰਘ ਮੌੜ ਨੇ ਦਿੱਤਾ। ਸਮਾਗਮ ਦੇ ਮੁੱਖ ਮਹਿਮਾਨ ਲੇਖਕ ਅਤੇ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਸਨ। ਲੇਖਕ ਦਰਬਾਰਾ ਸਿੰਘ ਬਰਨਾਲਾ ਨੇ ਫ਼ੌਜ ਵਿੱਚ ਹੋਣ ਅਤੇ ਜੰਗਾਂ ਲੜਨ ਬਾਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਕਿਤਾਬ ‘ਮੇਰੀਆਂ ਲੜੀਆਂ ਤਿੰਨ ਜੰਗਾਂ’ ਸੀ ਮਾਰਕੰਡਾ ਨੇ ਲੋਕ ਅਰਪਣ ਕੀਤੀ। ਡਾ. ਮੌੜ ਨੇ ਕਿਹਾ ਕਿ ਇਹ ਪੇਂਡੂ ਇਤਿਹਾਸ ਦਾ ਅਮੁੱਕ ਖਜ਼ਾਨਾ ਹੈ। ਇਸ ਮੌਕੇ ਮਲਕੀਤ ਸਿੰਘ ਸਰਪੰਚ, ਗੁਰਲਾਲ ਸਿੰਘ ਫੌਜੀ ਅਤੇ ਮਨੀ ਅੰਮ੍ਰਿਤਸਰੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਫਾਸ਼ੀ ਹਮਲਿਆਂ ਵਿਰੋਧੀ ਕਨਵੈਨਸ਼ਨ ਅੱਜ
ਬਰਨਾਲਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ 7 ਅਕਤੂਬਰ ਨੂੰ ਸਥਾਨਕ ਸ਼ਕਤੀ ਕਲਾ ਮੰਦਰ ਹਾਲ ਵਿੱਚ ਫ਼ਲਸਤੀਨੀਆਂ ਦੇ ਹੱਕ ’ਚ ਤੇ ਇਜ਼ਰਾਈਲੀ ਹਕੂਮਤ ਖ਼ਿਲਾਫ਼ ਮਾਲਵਾ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਡਾ. ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾਈ ਆਗੂਆਂ ਨਰਾਇਣ ਦੱਤ, ਮਹੀ ਪਾਲ ਆਦਿ ਨੇ ਦੱਸਿਆ ਕਿ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉੱਥੇ ਵੱਡੀ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੈ। -ਖੇਤਰੀ ਪ੍ਰਤੀਨਿਧ