ਫਤਿਹਗੜ੍ਹ ਪੰਜਤੂਰ ’ਚ ਲਾਵਾਰਸ ਪਸ਼ੂਆਂ ਤੋਂ ਮਿਲੇਗੀ ਰਾਹਤ
ਫਤਿਹਗੜ੍ਹ ਪੰਜਤੂਰ ਨਗਰ ਪੰਚਾਇਤ ਨੇ ਲਾਵਾਰਸ ਪਸ਼ੂਆਂ ਨੂੰ ਕਾਬੂ ਕਰਨ ਲਈ ਵੱਖਰੀ ਟੀਮ ਬਣਾਈ ਹੈ। ਟੀਮ ਇੱਥੇ ਆਉਣ ਵਾਲੇ ਲਾਵਾਰਸ ਪਸ਼ੂਆਂ ਦੀ ਨਿਗਰਾਨੀ ਕਰੇਗੀ ਤੇ ਉਨ੍ਹਾਂ ਨੂੰ ਤੁਰੰਤ ਕਾਬੂ ਕਰਕੇ ਸਰਕਾਰੀ ਗਊਸ਼ਾਲਾ ਕਿਸ਼ਨਪੁਰਾ ਕਲਾਂ ’ਚ ਭੇਜੇਗੀ। ਇੱਥੇ ਲੰਬੇ ਸਮੇਂ ਤੋਂ ਗਲੀਆਂ, ਬਾਜ਼ਾਰਾਂ ਵਿੱਚ ਬੇਕਾਬੂ ਫਿਰ ਰਹੇ ਲਾਵਾਰਸ ਪਸ਼ੂਆਂ ਨੂੰ ਕਾਬੂ ਕਰਨ ਦੀ ਮੰਗ ਉਠ ਰਹੀ ਸੀ। ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਕਸਬੇ ਵਿੱਚ ਲਾਵਾਰਸ ਪਸ਼ੂਆਂ ਦਾ ਮਾਮਲਾ ਕਾਫੀ ਗੰਭੀਰ ਬਣਿਆ ਹੋਇਆ ਸੀ। ਪੰਚਾਇਤ ਛੇ ਮਹੀਨਿਆਂ ਤੋਂ ਇਸ ਉੱਤੇ ਕੰਮ ਕਰ ਰਹੀ ਸੀ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਮੋਗਾ ਦੀ ਅਗਵਾਈ ਹੇਠ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਕਾਂ ਅਵਤਾਰ ਸਿੰਘ ਮਾਨ, ਸਰਪੰਚ ਪ੍ਰਿੰਸ ਚਾਵਲਾ, ਸੁਖਵਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਕਾਲਾ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਵਲੋ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਕਾਰਜਸਾਧਕ ਅਫ਼ਸਰ ਅਮਰਿੰਦਰ ਸਿੰਘ ਆਦਿ ਵਿਚਾਲੇ ਗੱਲਬਾਤ ਮਗਰੋਂ ਗਊਸ਼ਾਲਾ ਪ੍ਰਬੰਧਕਾਂ ਨੇ ਉੱਥੇ ਲਾਵਾਰਸ ਪਸ਼ੂ ਛੱਡਣ ਦੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਗਠਨ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਕੰਬੋਜ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਇੱਥੋਂ ਦੇ ਲੋਕ ਆਪਣੀਆਂ ਫ਼ਸਲਾਂ ਲਾਵਾਰਸ ਪਸ਼ੂਆਂ ਤੋਂ ਬਚਾਉਣ ਲਈ ਪੱਲਿਉਂ ਪੈਸੇ ਖਰਚ ਕੇ ਪਸ਼ੂ ਬਾਹਰਲੀਆਂ ਗਊਸ਼ਾਲਾਵਾਂ ’ਚ ਭੇਜਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਨਗਰ ਪੰਚਾਇਤ ਨੇ ਇਸ ਦਾ ਸਥਾਈ ਹੱਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਾਵਾਰਸ ਪਸ਼ੂਆਂ ਕਾਰਨ ਨਗਰ ਦੇ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਹੁਣ ਹੱਲ ਹੋ ਜਾਵੇਗੀ।
