ਲੋੜਵੰਦ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਰਾਹਤ
ਅਧਿਆਪਕ ਜਥੇਬੰਦੀ ‘ਡੈਮੋਕ੍ਰੈਟਿਕ ਟੀਚਰਜ਼ ਫਰੰਟ’ ਦੇ ਇਕ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਪਾਸੋਂ ਮੰਗ ਕੀਤੀ ਹੈ ਕਿ ਬੂਥ ਲੈਵਲ ਅਫਸਰ ਵਜੋਂ ਡਿਊਟੀ ਨਿਭਾ ਰਹੇ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਵਫ਼ਦ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਸਕੱਤਰ ਜੀਵਨ ਸਿੰਘ ਬਧਾਈ ਨੇ ਇਹ ਵੀ ਮੰਗ ਕੀਤੀ ਕਿ ਚੋਣ ਸਟਾਫ਼ ਨੂੰ ਸਿਰਫ਼ ਜੱਦੀ ਬਲਾਕਾਂ ਵਿੱਚ ਤਾਇਨਾਤ ਕੀਤਾ ਜਾਵੇ। ਉਨ੍ਹਾਂ ਵਿਆਹੇ ਜੋੜਿਆਂ, ਵਿਧਵਾਵਾਂ, ਇਕੱਲੀਆਂ ਕੁੜੀਆਂ, ਛੋਟੇ ਬੱਚਿਆਂ ਦੀਆਂ ਮਾਵਾਂ, ਸੇਵਾਮੁਕਤੀ ਦੇ ਨੇੜੇ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕਾਂ ਲਈ ਚੋਣ ਡਿਊਟੀ ਤੋਂ ਛੋਟ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੋਣ ਸਟਾਫ਼ ਲਈ ਢੁਕਵੀਂ ਸੁਰੱਖਿਆ, ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਯਕੀਨੀ ਬਣਾਉਣ ਅਤੇ ਸਮੱਗਰੀ ਜਮ੍ਹਾਂ ਕਰਵਾਉਣ ਸਮੇਂ ਅਕਸਰ ਹੋਣ ਵਾਲੀਆਂ ਬੇਲੋੜੀਆਂ ਪਰੇਸ਼ਾਨੀਆਂ ਬਾਰੇ ਵੀ ਗੱਲ ਕੀਤੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਲੋੜਵੰਦ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਵੀ ਛੋਟ ਦਿੱਤੀ ਗਈ। ਇਸ ਮੌਕੇ ਪਰਮਿੰਦਰ ਖੋਖਰ, ਸੁਖਜੀਤ ਥਾਂਦੇਵਾਲਾ, ਚਰਨਜੀਤ ਅਟਵਾਲ, ਨੀਰਜ ਬਜਾਜ, ਚੰਚਲ ਕਟਾਰੀਆ, ਰਾਜੇਸ਼ ਬਾਂਸਲ ਸਣੇ ਕਈ ਅਧਿਆਪਕ ਆਗੂ ਹਾਜ਼ਰ ਸਨ।
