ਮੌਕ ਡਰਿੱਲ ਰਾਹੀਂ ਰਾਹਤ ਤੇ ਬਚਾਅ ਕਾਰਜ ਪਰਖ਼ੇ
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗਗਨਦੀਪ ਸਿੰਘ, ਵਿਸ਼ਾਲ ਸਿੰਗਲਾ ਅਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਵੱਲੋਂ ਤਾਇਨਾਤ ਐਮਰਜੈਂਸੀ ਪ੍ਰੋਟੋਕਾਲ ਦੀ ਪਾਲਣਾ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਗਿਆ। ਮੌਕ ਡਰਿੱਲ ਦੌਰਾਨ ਅਮੋਨੀਆ ਟੈਂਕਰ ਦੀ ਟੱਕਰ ਹੋਈ ਦਰਸਾਈ ਗਈ, ਜਿਸ ਤੋਂ ਬਾਅਦ ਫੌਰੀ ਬੀ ਪੀ ਸੀ ਐਲ ਅਤੇ ਆਈ ਓ ਸੀ ਐਲ ਟੀਮਾਂ ਵੱਲੋਂ ਐਮਰਜੈਂਸੀ ਸਰਗਰਮੀਆਂ ਅਮਲ ਵਿੱਚ ਲਿਆਂਦੀਆਂ ਗਈਆਂ। ਇਨ੍ਹਾਂ ਵਿੱਚ ਸਾਇਰਨ ਵਜਾਉਣ, ਵਾਟਰ ਕਰਟੇਨ ਤਾਇਨਾਤ ਕਰਨ ਸਣੇ ਹੋਰ ਅਹਿਮ ਰਾਹਤ ਉਪਰਾਲੇ ਸ਼ਾਮਿਲ ਸਨ।
ਇਸ ਦੌਰਾਨ ਐਨਡੀਆਰਐਫ ਦੇ ਸੀ.ਓ ਸੰਤੋਸ਼ ਕੁਮਾਰ ਦੀ ਅਗਵਾਈ ਵਿੱਚ ਐਨਡੀਆਰਐਫ ਦੀ ਟੀਮ ਨੇ ਆਪਣੇ ਫ਼ਰਜ਼ਾਂ ਨੂੰ ਅਮਲੀ ਰੂਪ ’ਚ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ। ਇਸ ਤੋਂ ਇਲਾਵਾ ਪੁਲੀਸ ਵਿਭਾਗ ਵੱਲੋਂ ਟਰੈਫ਼ਿਕ ਰਸਤਿਆਂ ’ਚ ਤਬਦੀਲੀ ਅਤੇ ਭੀੜ ਨਾਲ ਨਜਿੱਠਣ ਤੋਂ ਇਲਾਵਾ ਸਿਹਤ ਵਿਭਾਗ ਨੇ ਮੌਕੇ ’ਤੇ ਮੁੱਢਲੀ ਡਾਕਟਰੀ ਸਹਾਇਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਇਆ।
ਇਸ ਮੌਕੇ ਐਨਐਫਐੱਲ, ਫਾਇਰ ਸਰਵਿਸਜ਼, ਸਿਵਲ ਡਿਫੈਂਸ ਅਤੇ ਹੋਰ ਮਿਊਚੁਅਲ ਏਡ ਭਾਗੀਦਾਰਾਂ ਵੱਲੋਂ ਵੀ ਸਾਂਝੇ ਤੌਰ ’ਤੇ ਰਾਹਤ ਅਤੇ ਬਚਾਓ ਕਾਰਵਾਈਆਂ ਵਿੱਚ ਸਰਗਰਮ ਭਾਗੀਦਾਰੀ ਨਿਭਾਈ ਗਈ। ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਖੇਤਰ ਨੂੰ ਸੁਰੱਖਿਅਤ ਕਰਾਰ ਦਿੱਤਾ ਗਿਆ।
