ਵੋਟਾਂ ਦੀ ਮੁੜ ਗਿਣਤੀ: ਬੀਰੋਕੇ ਕਲਾਂ ਪੰਚਾਇਤ ਦੀ ਜੇਤੂ ਕਰਾਰ
ਪਿਛਲੇ ਸਾਲ ਅਕਤੂਬਰ 2024 ਵਿੱਚ ਹੋਈਆਂ ਪੰਚਾਇਤੀ ਚੋਣਾਂ ਪਿੰਡ ਬੀਰੋਕੇ ਕਲਾਂ ਵਿੱਚ ਚੁਣੀ ਗਈ ਪੰਚਾਇਤ ਦੇ ਸਰਪੰਚ ਅਤੇ 4 ਮੈਂਬਰਾਂ ਖਿਲਾਫ਼ ਚੋਣਾਂ ਵਿੱਚ ਹਾਰੇ ਕੁੱਝ ਵਿਅਕਤੀਆਂ ਵੱਲੋਂ ਐੱਸ ਡੀ ਐੱਮ ਬੁਢਲਾਡਾ ਦੀ ਅਦਾਲਤ ਵਿੱਚ ਦੁਬਾਰਾ ਗਿਣਤੀ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ’ਤੇ ਚੱਲਦਿਆਂ ਐੱਸ ਡੀ ਐੱਮ ਬੁਢਲਾਡਾ ਗਗਨਦੀਪ ਸਿੰਘ ਦੀ ਅਗਵਾਈ ਹੇਠ ਨਿਯੁਕਤ ਕੀਤੇ ਅਧਿਕਾਰੀਆਂ ਦੀ ਟੀਮ ਨੇ ਪਟੀਸ਼ਨ ਦਾਇਰ ਕਰਨ ਵਾਲੇ ਉਮੀਦਵਾਰਾਂ ਸਾਹਮਣੇ ਦੁਬਾਰਾ ਨਿਰਪੱਖ ਗਿਣਤੀ ਕਰਵਾਈ, ਜਿਸ ਵਿੱਚ ਸਰਪੰਚ ਤੋਂ ਇਲਾਵਾ ਚਾਰ ਮੈਂਬਰ ਦੀ ਚੋਣ ਦੀ ਸਥਿਤੀ ਸਾਫ ਹੋ ਗਈ। ਗਿਣਤੀ ਦੌਰਾਨ ਸਰਪੰਚ ਗੁਰਮੀਤ ਸਿੰਘ ਗੀਤੂ, ਪੰਚ ਅਜੇ ਕੁਮਾਰ, ਗੁਰਪ੍ਰੀਤ ਸਿੰਘ ਚੀਮਾ, ਸੁਖਪ੍ਰੀਤ ਕੌਰ ਅਤੇ ਰਸਪ੍ਰੀਤ ਕੌਰ ਨੂੰ ਦੁਬਾਰਾ ਜੇਤੂ ਐਲਾਨਿਆ ਗਿਆ ਜਦੋਂਕਿ ਪਹਿਲਾਂ ਚੋਣ ’ਚ ਹਾਰੇ ਉਮੀਦਵਾਰ ਸਰਪੰਚ ਸਤਿਗੁਰੂ ਸਿੰਘ ਤੋਂ ਇਲਾਵਾ ਬਿਕਰ ਖਾਨ, ਕੁਲਵਿੰਦਰ ਸਿੰਘ, ਦਵਿੰਦਰ ਕੌਰ ਅਤੇ ਸੁਖਜੀਤ ਕੌਰ ਗਿਣਤੀ ਦੌਰਾਨ ਮੌਜੂਦ ਰਹੇ। ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਦੇ ਸਮਰਥਕਾਂ ਵੱਲੋਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਕਿਸਾਨ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਪੁਲੀਸ ਅਤੇ ਐੱਸ ਡੀ ਐੱਮ ਦਫ਼ਤਰ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਗੀਤੂ ਬੀਰੋਕੇ ਕਲਾਂ ਤੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।