ਕੱਚੇ ਬੱਸ ਕਾਮਿਆਂ ਨੇ ਬੱਸ ਅੱਡੇ ’ਚ ਧਰਨਾ ਦਿੱਤਾ
ਸਵਾਰੀਆਂ ਖੱਜਲ-ਖੁਆਰ ਹੋਈਆਂ; ਪ੍ਰਾਈਵੇਟ ਬੱਸਾਂ ਦੀ ਹੋਈ ਚਾਂਦੀ
Advertisement
ਸਰਕਾਰੀ ਬੱਸਾਂ ਦੇ ਕੱਚੇ ਕਰਮਚਾਰੀਆਂ ਨੇ ਅੱਜ ਹੜਤਾਲ ਕਰ ਕੇ ਇੱਥੇ ਬੱਸ ਅੱਡੇ ਵਿੱਚ ਧਰਨਾ ਲਾਇਆ। ਗੌਰਤਲਬ ਹੈ ਕਿ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਲਈ ਟੈਂਡਰ ਖੋਲ੍ਹੇ ਜਾਣ ਦਾ ਪ੍ਰੋਗਰਾਮ ਸੀ ਅਤੇ ਧਰਨਾਕਾਰੀ ਇਸ ਦਾ ਵਿਰੋਧ ਕਰਦੇ ਨਜ਼ਰ ਆਏ।ਧਰਨੇ ’ਤੇ ਬੈਠੇ ਹੜਤਾਲੀ ਕਰਮਚਾਰੀਆਂ ਦੀ ਗਿਣਤੀ ਸੀਮਤ ਸੀ। ਹੜਤਾਲ ਕਾਰਨ ਕੁੱਝ ਰੂਟਾਂ ’ਤੇ ਅੱਜ ਬੱਸਾਂ ਨਹੀਂ ਚੱਲੀਆਂ। ਉਂਝ, ਪੱਕੇ ਕਰਮਚਾਰੀਆਂ ਵੱਲੋਂ ਆਮ ਦਿਨਾਂ ਦੇ ਵਾਂਗ ਆਪਣੀ ਡਿਊਟੀ ਦਿੱਤੀ ਗਈ। ਟਾਈਮ ਮਨਸੂਖ਼ ਹੋਣ ਕਾਰਨ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਨੇ ਚੁੱਕਿਆ। ਇਹ ਬੱਸਾਂ ਖਚਾਖਚ ਭਰ ਕੇ ਆਪਣੀਆਂ ਮਿੱਥੀਆਂ ਮੰਜ਼ਿਲਾਂ ਮਾਪਦੀਆਂ ਰਹੀਆਂ। ਹੜਤਾਲੀ ਮੁਲਾਜ਼ਮਾਂ ਨੇ ਹੜਤਾਲ ਦਿਨ ’ਚ 12 ਵਜੇ ਸ਼ੁਰੂ ਕੀਤੀ, ਜੋ ਕਿ ਟੈਂਡਰ ਪ੍ਰੋਗਰਾਮ ਰੱਦ ਹੋਣ ਦਾ ਐਲਾਨ ਹੋਣ ਤੱਕ ਸ਼ਾਮ ਦੇ ਕਰੀਬ 5 ਵਜੇ ਤੱਕ ਜਾਰੀ ਰਹੀ। ਪਤਾ ਲੱਗਾ ਹੈ ਕਿ ਹੁਣ ਟੈਂਡਰ 2 ਦਸੰਬਰ ਨੂੰ ਖੋਲ੍ਹੇ ਜਾਣਗੇ।
ਹੜਤਾਲੀ ਕਰਮਚਾਰੀ ਮੰਗ ਕਰ ਰਹੇ ਸਨ ਕਿ ਆਊਟਸੋਰਸ ਵਾਲੇ ਮੁਲਾਜ਼ਮਾਂ ਨੂੰ ਕੱਚੇ ਕਰਮਚਾਰੀਆਂ ਦੀ ਕਤਾਰ ’ਚ ਸ਼ਾਮਲ ਕੀਤਾ ਜਾਵੇ ਅਤੇ ਕੱਚਿਆਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਟਰਾਂਸਪੋਰਟ ਦੇ ਬੇੜੇ ਵਿੱਚ ਨਵੀਆਂ ਹੋਰ ਬੱਸਾਂ ਵੀ ਸ਼ਾਮਲ ਕੀਤੀਆਂ ਜਾਣ। ਆਗੂਆਂ ਨੇ ਦੋਸ਼ ਲਾਏ ਕਿ ਸੂਬਾ ਸਰਕਾਰ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਟਰਾਂਸਪੋਰਟ ਨੂੰ ਸਹਿਜੇ-ਸਹਿਜੇ ਨਿੱਜੀਕਰਨ ਵੱਲ ਸਰਕਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਆਪਣੇ ਵਤੀਰੇ ’ਚ ਤਬਦੀਲੀ ਨਾ ਲਿਆਂਦੀ ਤਾਂ ਉਹ ਅੰਦੋਲਨ ਨੂੰ ਤੇਜ਼ ਕਰਨਗੇ।
Advertisement
Advertisement
